- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਲਾਕਾ ਵਾਸੀਆਂ ਅਨੁਸਾਰ ਰਾਵੀ ਦਰਿਆ ’ਤੇ ਪੱਕਾ ਪੁਲ ਬਣਾਉਣ ਦੀ ਮੰਗ ਕਈ ਵਰ੍ਹਿਆਂ ਤੋਂ ਕੀਤੀ ਜਾ ਰਹੀ ਹੈ। ਦਰਿਆ ’ਤੇ ਆਵਾਜਾਈ ਲਈ ਹਰ ਸਾਲ ਅਸਥਾਈ ਪੁਲ ਤਿਆਰ ਕੀਤਾ ਜਾਂਦਾ ਹੈ, ਪਰ ਬਰਸਾਤ ਦੇ ਮੌਸਮ ਵਿੱਚ ਜਦੋਂ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਜਾਂਦਾ ਹੈ ਤਾਂ ਸੁਰੱਖਿਆ ਦੇ ਮੱਦੇਨਜ਼ਰ ਇਸ ਪੁਲ ਨੂੰ ਹਟਾ ਦਿੱਤਾ ਜਾਂਦਾ ਹੈ।

ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਦੀਨਾਨਗਰ ਹਲਕੇ ਅਧੀਨ ਪੈਂਦੇ ਮਕੌੜਾ ਪੱਤਣ ਵਿਖੇ ਰਾਵੀ ਦਰਿਆ ’ਤੇ ਸਥਾਈ ਪੁਲ ਨਾ ਬਣਨ ਕਾਰਨ ਦਰਿਆ ਪਾਰ ਵੱਸਦੇ ਸੱਤ ਪਿੰਡਾਂ ਦੇ ਲੋਕ ਅੱਜ ਵੀ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਕਰ ਰਹੇ ਹਨ। ਆਜ਼ਾਦੀ ਦੇ ਕਈ ਦਹਾਕਿਆਂ ਬਾਅਦ ਵੀ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਆਵਾਜਾਈ ਲਈ ਅਸਥਾਈ ਪੁਲ ਅਤੇ ਕਿਸ਼ਤੀ ਦਾ ਸਹਾਰਾ ਲੈਣਾ ਪੈਂਦਾ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਹਰ ਚੋਣ ਦੌਰਾਨ ਪੱਕੇ ਪੁਲ ਦਾ ਮੁੱਦਾ ਉਠਾਇਆ ਜਾਂਦਾ ਹੈ, ਪਰ ਚੋਣਾਂ ਮਗਰੋਂ ਕੋਈ ਸਰਕਾਰ ਇਸ ਪਾਸੇ ਗੰਭੀਰਤਾ ਨਾਲ ਧਿਆਨ ਨਹੀਂ ਦਿੰਦੀ।
ਇਲਾਕਾ ਵਾਸੀਆਂ ਅਨੁਸਾਰ ਰਾਵੀ ਦਰਿਆ ’ਤੇ ਪੱਕਾ ਪੁਲ ਬਣਾਉਣ ਦੀ ਮੰਗ ਕਈ ਵਰ੍ਹਿਆਂ ਤੋਂ ਕੀਤੀ ਜਾ ਰਹੀ ਹੈ। ਦਰਿਆ ’ਤੇ ਆਵਾਜਾਈ ਲਈ ਹਰ ਸਾਲ ਅਸਥਾਈ ਪੁਲ ਤਿਆਰ ਕੀਤਾ ਜਾਂਦਾ ਹੈ, ਪਰ ਬਰਸਾਤ ਦੇ ਮੌਸਮ ਵਿੱਚ ਜਦੋਂ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਜਾਂਦਾ ਹੈ ਤਾਂ ਸੁਰੱਖਿਆ ਦੇ ਮੱਦੇਨਜ਼ਰ ਇਸ ਪੁਲ ਨੂੰ ਹਟਾ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਲੋਕਾਂ ਕੋਲ ਦਰਿਆ ਪਾਰ ਕਰਨ ਲਈ ਸਿਰਫ਼ ਕਿਸ਼ਤੀ ਹੀ ਇਕੋ-ਇਕ ਸਾਧਨ ਰਹਿ ਜਾਂਦੀ ਹੈ। ਕਈ ਵਾਰ ਪਾਣੀ ਦਾ ਪੱਧਰ ਜ਼ਿਆਦਾ ਵਧਣ ਕਾਰਨ ਕਿਸ਼ਤੀ ਸੇਵਾ ਵੀ ਬੰਦ ਕਰਨੀ ਪੈਂਦੀ ਹੈ, ਜਿਸ ਨਾਲ ਪਿੰਡਾਂ ਦਾ ਜ਼ਿਲ੍ਹਾ ਮੁੱਖ ਦਫ਼ਤਰ ਅਤੇ ਹੋਰ ਸ਼ਹਿਰੀ ਖੇਤਰਾਂ ਨਾਲ ਸੰਪਰਕ ਟੁੱਟ ਜਾਂਦਾ ਹੈ।
ਪਿੰਡ ਕਜਲੇ ਦੇ ਸਰਪੰਚ ਮੁਖਤਿਆਰ ਸਿੰਘ, ਪਰਮਜੀਤ ਕੌਰ, ਬਿਕਰਮ ਸਿੰਘ, ਅਮਰੀਕ ਸਿੰਘ, ਵਿੱਕੀ ਅਤੇ ਬਲਰਾਜ ਨੇ ਦੱਸਿਆ ਕਿ ਭਰਿਆਲ, ਚੇਬੇ, ਤੂਰ, ਮੰਮੀ ਚੱਕਰੰਗਾ, ਕੂਕਰ, ਕਜਲੇ ਅਤੇ ਲਸਿਆਨ ਸਮੇਤ ਸੱਤ ਪਿੰਡਾਂ ਦੀ ਅੱਠ ਹਜ਼ਾਰ ਤੋਂ ਵੱਧ ਆਬਾਦੀ ਇਸ ਸਮੱਸਿਆ ਨਾਲ ਪ੍ਰਭਾਵਿਤ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਵਿਦਿਆਰਥੀਆਂ, ਮਰੀਜ਼ਾਂ, ਕਿਸਾਨਾਂ ਅਤੇ ਵਪਾਰੀਆਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਐਮਰਜੈਂਸੀ ਸਥਿਤੀ ਵਿੱਚ ਮਰੀਜ਼ਾਂ ਨੂੰ ਹਸਪਤਾਲ ਤੱਕ ਪਹੁੰਚਾਉਣਾ ਵੀ ਵੱਡੀ ਚੁਣੌਤੀ ਬਣ ਜਾਂਦਾ ਹੈ।
100 ਕਰੋੜ ਰੁਪਏ ਮਨਜ਼ੂਰ ਹੋਣ ਦੇ ਬਾਵਜੂਦ ਨਹੀਂ ਬਣਿਆ ਪੁਲ
ਇਲਾਕਾ ਵਾਸੀਆਂ ਨੇ ਦੱਸਿਆ ਕਿ ਗੁਰਦਾਸਪੁਰ ਤੋਂ ਸਾਬਕਾ ਸੰਸਦ ਮੈਂਬਰ ਸੰਨੀ ਦਿਓਲ ਵੱਲੋਂ ਮਕੌੜਾ ਪੱਤਣ ਵਿਖੇ ਪੁਲ ਦੇ ਨਿਰਮਾਣ ਲਈ ਕੇਂਦਰ ਸਰਕਾਰ ਤੋਂ ਕਰੀਬ 100 ਕਰੋੜ ਰੁਪਏ ਮਨਜ਼ੂਰ ਕਰਵਾਏ ਗਏ ਸਨ। ਇਸ ਦੇ ਬਾਵਜੂਦ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਅਜੇ ਤੱਕ ਪੂਰੀ ਨਹੀਂ ਹੋ ਸਕੀ, ਜਿਸ ਕਾਰਨ ਪ੍ਰਾਜੈਕਟ ਅੱਗੇ ਨਹੀਂ ਵਧ ਸਕਿਆ। ਲੋਕਾਂ ਦਾ ਕਹਿਣਾ ਹੈ ਕਿ ਸਰਹੱਦੀ ਖੇਤਰ ਹੋਣ ਦੇ ਬਾਵਜੂਦ ਇਨ੍ਹਾਂ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਲਗਾਤਾਰ ਅਣਡਿੱਠਾ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਪੱਕੇ ਪੁਲ ਦੇ ਨਿਰਮਾਣ ਲਈ ਠੋਸ ਕਦਮ ਨਾ ਚੁੱਕੇ ਗਏ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਮਕੌੜਾ ਪੱਤਣ ਵਿਖੇ ਸਥਾਈ ਪੁਲ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ।