ਪਿੰਡ ਸੈਦਾ ਵਾਲਾ ਦੇ ਇਕ ਪਰਿਵਾਰ ਨੂੰ ਆਪਣੇ ਪੁੱਤਰ ਨੂੰ ਉਸ ਦੇ ਭਵਿੱਖ ਲਈ ਵਿਦੇਸ਼ ਭੇਜਣ ਦੀ ਚਾਹਤ ਉਸ ਵੇਲੇ ਮਹਿੰਗੀ ਪਈ, ਜਦੋਂ ਕਥਿਤ ਏਜੰਟਾਂ ਨੇ ਉਨ੍ਹਾਂ ਕੋਲੋਂ 45 ਲੱਖ 40 ਹਜ਼ਾਰ ਰੁਪਏ ਦੀ ਰਕਮ ਵਸੂਲ ਲਈ, ਪਰ ਨੌਜਵਾਨ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੀ ਬਜਾਏ ਉਸ ਨਾਲ ਠੱਗੀ ਮਾਰੀ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ‘ਡੰਕੀ’ ਰਾਹੀਂ ਵਿਦੇਸ਼ ਜਾਣ ਦੇ ਖ਼ਤਰਿਆਂ ਅਤੇ ਇਸ ਪਿੱਛੇ ਚੱਲ ਰਹੇ ਵੱਡੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਫਿਰੋਜ਼ਪੁਰ ਦਿਹਾਤੀ ਪੁਲਿਸ ਨੇ 7 ਜਣਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪਿੰਡ ਸੈਦਾ ਵਾਲਾ ਦੇ ਇਕ ਪਰਿਵਾਰ ਨੂੰ ਆਪਣੇ ਪੁੱਤਰ ਨੂੰ ਉਸ ਦੇ ਭਵਿੱਖ ਲਈ ਵਿਦੇਸ਼ ਭੇਜਣ ਦੀ ਚਾਹਤ ਉਸ ਵੇਲੇ ਮਹਿੰਗੀ ਪਈ, ਜਦੋਂ ਕਥਿਤ ਏਜੰਟਾਂ ਨੇ ਉਨ੍ਹਾਂ ਕੋਲੋਂ 45 ਲੱਖ 40 ਹਜ਼ਾਰ ਰੁਪਏ ਦੀ ਰਕਮ ਵਸੂਲ ਲਈ, ਪਰ ਨੌਜਵਾਨ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੀ ਬਜਾਏ ਉਸ ਨਾਲ ਠੱਗੀ ਮਾਰੀ। ਇਸ ਮਾਮਲੇ ਵਿਚ ਪੀੜਤ ਪਰਿਵਾਰ ਦੀ ਸ਼ਿਕਾਇਤ ਅਤੇ ਲੰਬੀ ਪੜਤਾਲ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਨੇ 7 ਵਿਅਕਤੀਆਂ ਖਿਲਾਫ 318(4), 143, 61(2) ਬੀਐੱਨਐੱਸ ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਦੀ ਧਾਰਾ 13 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਬੈਂਕ ਸਟੇਟਮੈਂਟਾਂ ਅਤੇ ਹੋਰ ਦਸਤਾਵੇਜ਼ਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ, ਜਿਸ ਵਿਚ ਇਹ ਸਪੱਸ਼ਟ ਹੋਇਆ ਕਿ ਦੋਸ਼ੀਅਨ ਨੇ ਯੋਜਨਾਬੱਧ ਤਰੀਕੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਦਿੰਦਿਆਂ ਕਰਨ ਸ਼ਰਮਾ ਪੀਪੀਐੱਸ (ਦਿਹਾਤੀ), ਫਿਰੋਜ਼ਪੁਰ ਨੇ ਦੱਸਿਆ ਕਿ ਸਾਰਜ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਸੈਦਾ ਵਾਲਾ ਵੱਲੋਂ ਦਿੱਤੀ ਗਈ ਦਰਖਾਸਤ ਯੂਆਈਡ ਨੰਬਰ 627761 ਦੀ ਪੜਤਾਲ ਮਿਤੀ 25 ਜੁਲਾਈ 2025 ਤੋਂ ਜਾਰੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸਾਰਜ ਸਿੰਘ ਦੇ ਲੜਕੇ ਲਵਪ੍ਰੀਤ ਸਿੰਘ ਨੂੰ ਦੋਸ਼ੀਅਨ ਗੁਰਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ, ਅਰਸ਼ਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀਅਨ ਗਡੋਡੂ, ਜੋਬਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ, ਗੁਰਭੇਜ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀਅਨ ਪੂੰਨੀਆ, ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਹਾਬੜੀ, ਗੁਰਦਿੱਤ ਸਿੰਘ ਪੁੱਤਰ ਜਾਨਪਾਲ ਸਿੰਘ ਵਾਸੀ ਪੰਡੋਰੀ, ਜੈਮਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਵਲਟੋਹਾ ਨੇ ‘ਡੰਕੀ’ ਰਸਤੇ ਰਾਹੀਂ ਵਿਦੇਸ਼ ਭੇਜਣ ਦਾ ਝਾਂਸਾ ਦਿੱਤਾ ਸੀ। ਪੁਲਿਸ ਨੇ ਦੱਸਿਆ ਕਿ ਦੋਸ਼ੀਅਨ ਨੇ ਲਵਪ੍ਰੀਤ ਨੂੰ ਵਿਦੇਸ਼ ਪਹੁੰਚਾਉਣ ਦਾ ਭਰੋਸਾ ਦੇ ਕੇ ਵੱਖ-ਵੱਖ ਕਿਸ਼ਤਾਂ ਵਿਚ ਕੁੱਲ 45,40,000 ਰੁਪਏ ਦੀ ਰਕਮ ਹਾਸਲ ਕਰ ਲਈ। ਜਦੋਂ ਨਾ ਤਾਂ ਲੜਕਾ ਵਿਦੇਸ਼ ਪਹੁੰਚਿਆ ਅਤੇ ਨਾ ਹੀ ਪੈਸੇ ਵਾਪਸ ਮਿਲੇ, ਤਾਂ ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ। ਉਪ ਜ਼ਿਲ੍ਹਾ ਅਟਾਰਨੀ (ਲੀਗਲ) ਬਲਜੀਤ ਸਿੰਘ ਕੰਬੋਜ਼ ਦੀ ਕਾਨੂੰਨੀ ਰਾਇ ਅਤੇ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਦੇ ਨਿਰਦੇਸ਼ਾਂ ’ਤੇ ਪੁਲਿਸ ਨੇ ਹਲਫੀਆ ਬਿਆਨਾਂ, ਗਵਾਹਾਂ ਦੇ ਬਿਆਨਾਂ ਅਤੇ ਬੈਂਕ ਦੇ ਲੈਣ-ਦੇਣ ਦੇ ਰਿਕਾਰਡ ਨੂੰ ਆਧਾਰ ਬਣਾ ਕੇ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿਚ ਉਕਤ ਸਾਰੇ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਅਜੇ ਜਾਰੀ ਹੈ।