ਰੇਲਵੇ ਮੁਲਾਜ਼ਮਾਂ ਲਈ ਕੁਇੱਜ਼ ਮੁਕਾਬਲਾ ਕਰਵਾਇਆ
ਡੀਜ਼ਲ ਸ਼ੈੱਡ ਲੁਧਿਆਣਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ
Publish Date: Sun, 17 May 2026 04:07 PM (IST)
Updated Date: Sun, 17 May 2026 04:09 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਵਾਤਾਵਰਣ ਦੀ ਸੰਭਾਲ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਡੀਜ਼ਲ ਸ਼ੈੱਡ ਲੁਧਿਆਣਾ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ’ਤੇ ਗੌਰਵ ਪਾਰਕ ਵਿਚ ਇਕ ਪ੍ਰੇਰਨਾਦਾਇਕ ਅਤੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਰੇਲਵੇ ਕਰਮਚਾਰੀਆਂ ਵਿਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇਕ ਕੁਇੱਜ਼ ਮੁਕਾਬਲਾ ਵੀ ਕਰਵਾਇਆ ਗਿਆ। ਇਸ ਸਮਾਗਮ ਵਿਚ ਸ਼ੈੱਡ ਦੇ ਮੁਲਾਜ਼ਮਾਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਵਿਸ਼ੇਸ਼ ਮੌਕੇ ’ਤੇ ਰੇਲਵੇ ਸ਼ੈੱਡ ਦੇ ਅੰਦਰ ਵਾਤਾਵਰਣ ਪ੍ਰਤੀ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ। ਇਸ ਮੁਹਿੰਮ ਤਹਿਤ ਪੌਦੇ ਲਗਾਉਣ, ਬਿਜਲੀ ਤੇ ਊਰਜਾ ਦੀ ਬਚਤ ਕਰਨ, ਕੂੜੇ-ਕਰਕਟ ਦੇ ਸਹੀ ਨਿਪਟਾਰੇ ਵੇਸਟ ਮੈਨੇਜਮੈਂਟ, ਪ੍ਰਦੂਸ਼ਣ ’ਤੇ ਕਾਬੂ ਪਾਉਣ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਵਰਗੇ ਅਹਿਮ ਵਿਸ਼ਿਆਂ ’ਤੇ ਵਿਸਥਾਰਪੂਰਵਕ ਰੌਸ਼ਨੀ ਪਾਈ ਗਈ। ਸਮਾਗਮ ਦੌਰਾਨ ਹਾਜ਼ਰ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੰਡਲ ਮਕੈਨੀਕਲ ਇੰਜੀਨੀਅਰ (ਡੀਜ਼ਲ ਸ਼ੈੱਡ) ਰਾਹੁਲ ਭਾਰਤੀ ਨੇ ਸਭ ਨੂੰ ਵਾਤਾਵਰਣ ਦੀ ਰੱਖਿਆ ਵਿੱਚ ਆਪਣਾ ਸਰਗਰਮ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਅਜਿਹੇ ਤਰੀਕੇ ਅਪਣਾਉਣੇ ਚਾਹੀਦੇ ਹਨ ਜੋ ਕੁਦਰਤ ਦੇ ਅਨੁਕੂਲ ਹੋਣ। ਭਾਰਤੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਕ ਹਰੇ-ਭਰੇ ਅਤੇ ਸੁਰੱਖਿਅਤ ਭਵਿੱਖ ਦੇ ਨਿਰਮਾਣ ਲਈ ਸਾਡੀਆਂ ਸਾਰਿਆਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਬਹੁਤ ਜ਼ਰੂਰੀ ਹਨ। ਪ੍ਰੋਗਰਾਮ ਦੇ ਦੌਰਾਨ ਕਰਵਾਏ ਗਏ ਵਾਤਾਵਰਣ ਸਬੰਧੀ ਕੁਇੱਜ਼ ਮੁਕਾਬਲੇ ਵਿਚ ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਮੋਹਿਤ ਕੁਮਾਰ (ਸੀਨੀਅਰ ਕਲਰਕ), ਸ਼ਸ਼ੀ ਭੂਸ਼ਣ (ਤਕਨੀਸ਼ੀਅਨ1), ਕਪਿਲ ਕਾਰਕੀ (ਤਕਨੀਸ਼ੀਅਨ-1), ਮਨੀਸ਼ ਕੁਮਾਰ (ਤਕਨੀਸ਼ੀਅਨ-1), ਓਮ ਪ੍ਰਕਾਸ਼ (ਐੱਸ.ਐੱਸ.ਈ.), ਆਸ਼ੀਸ਼ ਰੰਜਨ (ਤਕਨੀਸ਼ੀਅਨ-3) ਜੇਤੂਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅਖੀਰ ਵਿਚ ਉੱਥੇ ਮੌਜ਼ੂਦ ਸਾਰੇ ਅਧਿਕਾਰੀਆਂ ਅਤੇ ਪ੍ਰਤੀਭਾਗੀਆਂ ਨੇ ਵਾਤਾਵਰਣ ਦੀ ਸੰਭਾਲ ਅਤੇ ਕੁਦਰਤ ਦੇ ਸੁਧਾਰ ਲਈ ਨਿਰੰਤਰ ਕੰਮ ਕਰਨ ਦੀ ਗੰਭੀਰ ਸਹੁੰ ਚੁੱਕੀ।