ਪ੍ਰਧਾਨ ਮੰਤਰੀ ਆਵਾਸ ਯੋਜਨਾ ਗਰਾਂਟ ਦੀ ਕਿਸ਼ਤ ਨਾ ਜਾਰੀ ਕਰਨ ’ਤੇ ਸੰਘਰਸ਼ ਦੀ ਚਿਤਾਵਨੀ
ਪ੍ਰਧਾਨ ਮੰਤਰੀ ਆਵਾਸ ਯੋਜਨਾ ਗਰਾਂਟ ਦੀ ਕਿਸ਼ਤ ਨਾ ਜਾਰੀ ਕਰਨ ਤੇ ਸੰਘਰਸ਼ ਦੀ ਚਿਤਾਵਨੀ
Publish Date: Sun, 10 May 2026 05:12 PM (IST)
Updated Date: Sun, 10 May 2026 05:15 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਵਾਲਮੀਕੀ ਮੁਹੱਲਾ ਉਤਲਾ ਵੇਹੜਾ ਦੇ ਨਿਵਾਸੀਆਂ ਨਾਲ ਯੂਨੀਅਨ ਆਗੂ ਕੁਲਦੀਪ ਸਿੰਘ ਮੋਠਾਂਵਾਲਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਮੁਹੱਲੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਿਲਣ ਵਾਲੀ ਗਰਾਂਟ ਵਿਚ ਹੋ ਰਹੀ ਦੇਰੀ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਮੋਠਾਂਵਾਲਾ ਨੇ ਕਿਹਾ ਕਿ ਵਾਲਮੀਕੀ ਮੁਹੱਲਾ ਊਤਲਾ ਵੇਹੜਾ ਦੇ ਲਗਭਗ 20 ਗਰੀਬ ਅਤੇ ਮਿਹਨਤੀ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਢਾਈ-ਢਾਈ ਲੱਖ ਰੁਪਏ ਦੀ ਗਰਾਂਟ ਲਈ ਸੈਕਸ਼ਨ ਲੈਟਰ ਜਾਰੀ ਹੋਏ ਤਿੰਨ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਅਜੇ ਤੱਕ ਨਗਰ ਕੌਂਸਲ ਵੱਲੋਂ ਕੋਈ ਵੀ ਕਿਸਤ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰ ਘਰਾਂ ਦੀ ਮੁਰੰਮਤ ਅਤੇ ਨਵੇਂ ਮਕਾਨ ਬਣਾਉਣ ਲਈ ਇਸ ਗਰਾਂਟ ਦੀ ਉਡੀਕ ਕਰ ਰਹੇ ਹਨ, ਪਰ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਆਗੂ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਜਲਦ ਹੀ ਯੂਨੀਅਨ ਦਾ ਇਕ ਵਫਦ ਨਗਰ ਕੌਂਸਲ ਅਧਿਕਾਰੀਆਂ ਨਾਲ ਮੀਟਿੰਗ ਕਰੇਗਾ ਅਤੇ ਲਾਭਪਾਤਰੀ ਪਰਿਵਾਰਾਂ ਨੂੰ ਤੁਰੰਤ ਗਰਾਂਟ ਜਾਰੀ ਕਰਨ ਦੀ ਮੰਗ ਉਠਾਈ ਜਾਵੇਗੀ। ਯੂਨੀਅਨ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਇਸ ਮਸਲੇ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਤਿੱਖਾ ਐਕਸ਼ਨ ਉਲੀਕਿਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਰਜੇਸ਼ ਕੁਮਾਰ, ਰਵੀ ਕੁਮਾਰ, ਗੁਲਸ਼ਨ ਕੁਮਾਰ, ਪਿਆਰੇ ਲਾਲ, ਮਨਜੀਤ ਕੌਰ, ਮੁਖਤਿਆਰ ਸਿੰਘ, ਵੀਨਾ ਰਾਣੀ, ਸੰਦੀਪ ਸਿੰਘ, ਮੰਗਤ ਰਾਮ, ਕ੍ਰਿਸ਼ਨਾ ਰਾਣੀ, ਗੀਤਾ ਰਾਣੀ, ਅਸ਼ੋਕ ਕੁਮਾਰ, ਜੈ ਕਿਸ਼ਨ, ਲਾਲ ਚੰਦ ਅਤੇ ਸ਼ੀਲਾ ਰਾਣੀ ਸਮੇਤ ਹੋਰ ਨਿਵਾਸੀ ਵੀ ਹਾਜ਼ਰ ਸਨ।