ਕੇਂਦਰੀ ਜਲ ਸਰੋਤ ਮੰਤਰੀ ਰਾਜ ਭੂਸ਼ਨ ਚੌਧਰੀ ਤੇ ਰਾਣਾ ਸੋਢੀ ਨੇ ਨੁਕਸਾਨ ਦਾ ਲਿਆ ਜਾਇਜ਼ਾ
ਕੇਂਦਰੀ ਜਲ ਸਰੋਤ ਮੰਤਰੀ ਰਾਜ ਭੂਸ਼ਨ ਚੌਧਰੀ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਮਮਦੋਟ ਅਧੀਨ ਆਉਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਕੀਤਾ ਦੌਰਾ
Publish Date: Mon, 15 Sep 2025 05:25 PM (IST)
Updated Date: Mon, 15 Sep 2025 05:26 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਬੀਤੇ ਦਿਨੀ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਦਾ ਜਾਇਜ਼ ਲੈਣ ਲਈ ਅੱਜ ਬਲਾਕ ਮਮਦੋਟ ਅਧੀਨ ਸਰਹੱਦੀ ਪਿੰਡ ਸੇਠਾਂ ਵਾਲਾ, ਦੋਨਾ ਰਹਿਮਤ ਵਾਲਾ, ਜੱਲੋ ਕੇ ਅਤੇ ਹੋਰ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਸੁਨਣ ਲਈ ਕੇਂਦਰੀ ਜਲ ਸਰੋਤ ਮੰਤਰੀ ਰਾਜ ਭੂਸ਼ਨ ਚੌਧਰੀ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਸਾਬਕਾ ਕੈਬਨਿਟ ਮੰਤਰੀ ਸਥਿਤੀ ਦਾ ਜਾਇਜ਼ ਲੈਣ ਲਈ ਪਹੁੰਚੇ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬੋਬੀ ਬਾਠ, ਯੂਥ ਭਾਜਪਾ ਆਗੂ ਅਨੁਮੀਤ ਸਿੰਘ ਹੀਰਾ ਸੋਢੀ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਭਾਜਪਾ ਆਗੂਆਂ ਵੱਲੋ ਲੋਕਾਂ ਦੀਆਂ ਮੁਸ਼ਕਲਾਂ ਸੁਨਣ ਲਈ ਸਰਹੱਦੀ ਹੜ੍ਹ ਪੀੜ੍ਹਤ ਕਿਸਾਨਾਂ ਨੂੰ ਮੰਤਰੀ ਨਾਲ ਮਿਲਾਇਆ ਗਿਆ। ਹੜ੍ਹ ਪ੍ਰਭਾਵਿਤ ਕਿਸਾਨਾਂ ਕਾਲਾ ਸਿੰਘ ਸੇਠਾ ਵਾਲਾ, ਜੋਗਿੰਦਰ ਸਿੰਘ, ਮਹਿੰਦਰ ਸਿੰਘ ਅਤੇ ਹੋਰਨਾਂ ਕਿਸਾਨਾਂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਸਾਨੂੰ ਸਤਲੁਜ ਦਰਿਆ ਦੀ ਮਾਰ ਹਰ ਸਾਲ ਪੈਂਦੀ ਹੈ ਅਤੇ ਸਾਡੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਹਨ, ਇਸ ਤੋਂ ਬਚਾਅ ਲਈ ਦਰਿਆ ਦੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਜ਼ਮੀਨ ਤੇ ਖੇਤੀ ਕਰਨ ਵਾਲੇ ਕਾਸ਼ਤਕਾਰ ਨੂੰ ਹੀ ਦਿਵਾਇਆ ਜਾਵੇ, ਸਰਹੱਦਾਂ ਤੇ ਖੇਤੀ ਕਰਦੇ ਕਿਸਾਨਾਂ ਦੀਆਂ ਕੱਚੀਆਂ ਜ਼ਮੀਨਾਂ ਨੂੰ ਉਨ੍ਹਾਂ ਦੇ ਨਾਮ ਪਰ ਪੱਕਾ ਕੀਤਾ ਜਾਵੇ। ਸਰਹੱਦੀ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਵਿਚ ਦੱਸਿਆ ਕਿ ਸਰਹੱਦੀ ਇਲਾਕੇ ਨੂੰ ਪੱਟੀ ਮੰਨ ਕੇ ਇਨ੍ਹਾਂ ਦੇ ਬੱਚਿਆਂ ਨੂੰ ਰੁਜ਼ਗਾਰ ਵਿੱਚ ਪਹਿਲ ਦਿੱਤੀ ਜਾਵੇ। ਇਸ ਤੋਂ ਇਲਾਵਾ ਸਮੂਹ ਲੋਕਾਂ ਨੇ ਕਿਹਾ ਕਿ ਛੋਟੇ ਕਿਸਾਨਾਂ ਦੇ ਕਰਜੇ ਮੁਆਫ ਕੀਤੇ ਜਾਣ। ਸਰਹੱਦੀ ਕਿਸਾਨਾਂ ਨੇ ਮੰਗ ਕੀਤੀ ਕਿ ਤੇਜ਼ ਬਾਰਸ਼ਾਂ ਦੌਰਾਨ ਜਿੰਨ੍ਹਾਂ ਦੇ ਮਕਾਨ ਡਿੱਗ ਚੁੱਕੇ ਹਨ ਅਤੇ ਦੁਧਾਰੂ ਪਸ਼ੂ ਹੜ੍ਹਾਂ ਦੌਰਾਨ ਮਰ ਗਏ ਹਨ ਉਨ੍ਹਾਂ ਨੂੰ ਵੀ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਕੇਂਦਰੀ ਜਲ ਸਰੋਤ ਮੰਤਰੀ ਰਾਜ ਭੂਸ਼ਨ ਨੇ ਸਰਹੱਦੀ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਕੇਂਦਰ ਤੱਕ ਪਹੁੰਚਾਉਣਗੇ ਅਤੇ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ। ਰਾਣਾ ਸੋਢੀ ਨੇ ਕਿਹਾ ਕਿ ਸਰਹੱਦੀ ਇਲਾਕੇ ਪੀੜ੍ਹਤ ਕਿਸਾਨਾਂ ਵਾਸਤੇ ਘਰੇਲੂ ਸਾਮਾਨ ਵਾਸਤੇ ਰਾਸ਼ਨ, ਪਸ਼ੂਆਂ ਵਾਸਤੇ ਚਾਰਾ ਅਤੇ ਅਚਾਰ ਅਤੇ ਫਸਲਾਂ ਬੀਜਣ ਲਈ ਡੀਜ਼ਲ ਦਿੱਤਾ ਜਾ ਰਿਹਾ ਹੈ, ਜਲਦੀ ਹੀ ਪਿੰਡ ਸੇਠਾ ਵਾਲਾ ਵਿਖੇ ਵੀ ਇਹ ਸਾਮਾਨ ਪਹੁੰਚਾ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਪਾਲ ਸਿੰਘ ਸਿੱਧੂ ਐਡਵੋਕੇਟ, ਦਵਿੰਦਰ ਸਿੰਘ ਜੰਗ, ਅਸ਼ੋਕ ਸਹਿਗਲ ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ, ਸੁਰਜੀਤ ਸਿੰਘ ਸਦਰਦੀਨ, ਸੰਦੀਪ ਚਾਵਲਾ ਮੰਡਲ ਪ੍ਰਧਾਨ, ਸਮਾਜ ਸੇਵੀ ਬਲਦੇਵ ਰਾਜ ਸ਼ਰਮਾ, ਬਲਜਿੰਦਰ ਸਿੰਘ ਮਮਦੋਟ, ਰਵੀ ਦੱਤ ਚਾਵਲਾ ਸਾਬਕਾ ਚੇਅਰਮੈਨ, ਵਿੱਕੀ ਮਦਾਨ ਪ੍ਰਧਾਨ ਵਪਾਰ ਸੈੱਲ, ਵਿਕਰਮਜੀਤ ਸਿੰਘ ਪੋੋਜੋ ਕੇ ਪ੍ਰਧਾਨ ਭਾਜਪਾ ਮੰਡਲ ਸਦਰਦੀਨ, ਮੇਜ਼ਰ ਸਿੰਘ ਟਿੱਬੀ, ਅਸ਼ੋਕ ਕੁਮਾਰ ਭੰਬਾ ਹਾਜੀ, ਭਗਵਾਨ ਦਾਸ ਸ਼ਰਮਾ, ਸੁਨੀਲ ਵਿੱਜ, ਲਖਬੀਰ ਸਿੰਘ ਮੰਡਲ ਪ੍ਰਧਾਨ ਝੋਕ ਹਰੀਹਰ, ਸਾਹਿਬ ਸਿੰਘ ਮੁੱਦਕਾ ਮੰਡਲ ਪ੍ਰਧਾਨ ਬਾਜੀਦਪੁਰ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।