ਨਾਬਾਲਿਗ ਲੜਕੀ ਨੂੰ ਤੰਗ ਕਰਨ ਵਾਲਾ ‘ਚਾਚਾ’ ਨਾਮਜ਼ਦ
ਨਾਬਾਲਗ ਲੜਕੀ ਨੂੰ ਇਤਰਾਜਯੋਗ ਮੈਸੇਜ ਭੇਜਣ ਅਤੇ ਤੰਗ ਕਰਨ ਵਾਲਾ ‘ਚਾਚਾ’ ਨਾਮਜ਼ਦ
Publish Date: Sun, 03 May 2026 06:38 PM (IST)
Updated Date: Mon, 04 May 2026 04:12 AM (IST)

ਭਤੀਜੀ ’ਤੇ ਮਾੜੀ ਨਜ਼ਰ ਰੱਖਣ ਵਾਲੇ ਵਿਅਕਤੀ ਖਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ: ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਇਕ ਮਾਮਲਾ ਥਾਣਾ ਸਿਟੀ ਜ਼ੀਰਾ ਵਿਖੇ ਸਾਹਮਣੇ ਆਇਆ ਹੈ। ਪੁਲਿਸ ਨੇ ਇਕ 15 ਸਾਲਾ ਨਾਬਾਲਗ ਲੜਕੀ ਨੂੰ ਸੋਸ਼ਲ ਮੀਡੀਆ ਰਾਹੀਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਅਤੇ ਇਤਰਾਜਯੋਗ ਹਰਕਤਾਂ ਕਰਨ ਦੇ ਦੋਸ਼ ਇਕ ਵਿਅਕਤੀ ਖਿਲਾਫ 78 ਬੀਐੱਨਐੱਸ 12 ਪੋਕਸੋ ਐਕਟ 2012 ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਬਾਲ ਅਧਿਕਾਰ ਰੱਖਿਆ ਕਮਿਸ਼ਨ ਰਾਹੀਂ ਇਕ ਮਹਿਲਾ ਦੀ ਸ਼ਿਕਾਇਤ ਪ੍ਰਾਪਤ ਹੋਈ ਸੀ। ਸ਼ਿਕਾਇਤਕਰਤਾ ਮਹਿਲਾ ਨੇ ਦੱਸਿਆ ਕਿ ਉਸ ਦੀ 15 ਸਾਲਾ ਦੋਹਤਰੀ ਨੂੰ ਪੁਰਾਣੀ ਤਲਵੰਡੀ ਰੋਡ ਦਾ ਰਹਿਣ ਵਾਲਾ 45-50 ਸਾਲਾ ਪਵਨ ਸ਼ਰਮਾ ਪੁੱਤਰ ਧਰਮਵੀਰ ਸ਼ਰਮਾ ਪਿਛਲੇ ਕਈ ਮਹੀਨਿਆਂ ਤੋਂ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਔਰਤ ਨੇ ਦੱਸਿਆ ਕਿ ਦੋਸ਼ੀ ਪਵਨ ਸ਼ਰਮਾ ਉਸ ਦੀ ਦੋਹਰਤੀ ਦੀ ਤਾਈ ਦਾ ਸਕਾ ਭੂਆ ਦਾ ਲੜਕਾ ਹੈ, ਜਿਸ ਕਰਕੇ ਲੜਕੀ ਉਸ ਨੂੰ ‘ਚਾਚੂ’ ਕਹਿ ਕੇ ਬੁਲਾਉਂਦੀ ਸੀ। ਸ਼ਿਕਾਇਤਕਰਤਾ ਮਹਿਲਾ ਨੇ ਦੱਸਿਆ ਕਿ ਦੋਸ਼ੀ ਆਪਣੇ ਵਟਸਐਪ ਨੰਬਰ ਤੋਂ ਲੜਕੀ ਨੂੰ ਅਸ਼ਲੀਲ ਮੈਸੇਜ ਭੇਜਦਾ ਸੀ ਅਤੇ ਉਸ ਨਾਲ ਗੱਲਬਾਤ ਕਰਨ ਲਈ ਮਜ਼ਬੂਰ ਕਰਦਾ ਸੀ। ਜੇਕਰ ਲੜਕੀ ਉਸ ਦੇ ਮੈਸੇਜਾਂ ਦਾ ਜਵਾਬ ਨਹੀਂ ਸੀ ਦਿੰਦੀ ਤਾਂ ਉਹ ਘਰ ਆ ਕੇ ਡਰਾਉਣ-ਧਮਕਾਉਣ ਅਤੇ ‘ਬੈਕ ਕਾਲ’ ਕਰਨ ਲਈ ਦਬਾਅ ਪਾਉਂਦਾ ਸੀ। ਜਾਂਚ ਅਧਿਕਾ਼ਰੀ ਲਖਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪਵਨ ਸ਼ਰਮਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।