ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਵਿਖੇ ਦੋ ਰੋਜ਼ਾ ਕੈਂਪ ਸਮਾਪਤ
ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਵਿਖੇ ਦੋ ਰੋਜ਼ਾ ਮੈਗਾ ਮਲਟੀ-ਸਪੈਸ਼ਲਿਟੀ ਮੈਡੀਕਲ ਕੈਂਪ ਸੰਪੰਨ
Publish Date: Sat, 18 Apr 2026 04:26 PM (IST)
Updated Date: Sat, 18 Apr 2026 04:30 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਲਗਾਇਆ ਗਿਆ ਦੋ ਰੋਜ਼ਾ ਮੈਗਾ ਮਲਟੀ-ਸਪੈਸ਼ਲਿਟੀ ਮੈਡੀਕਲ ਕੈਂਪ ਸਮਾਪਤ ਹੋ ਗਿਆ। ਇਸ ਕੈਂਪ ਦੌਰਾਨ ਅਤੇ ਵੱਡੀ ਗਿਣਤੀ ਵਿਚ ਮਰੀਜ਼ਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ। ਇਸ ਦੋ ਰੋਜ਼ਾ ਕੈਂਪ ਦਾ ਮੁੱਖ ਉਦੇਸ਼ ਲੋੜਵੰਦਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਸੀ। ਕੈਂਪ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਸ਼ੂਗਰ (ਮਧੂਮੇਹ), ਪ੍ਰੋਸਟੇਟ, ਬਲੱਡ ਪ੍ਰੈਸ਼ਰ, ਚਮੜੀ ਦੇ ਰੋਗ, ਬਵਾਸੀਰ ਅਤੇ ਭਗੰਦਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਬਿਲਕੁਲ ਮੁਫ਼ਤ ਚੈੱਕਅੱਪ ਕੀਤਾ ਗਿਆ। ਚੈੱਕਅੱਪ ਦੇ ਨਾਲ-ਨਾਲ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਤੋਂ ਇਲਾਵਾ ਮਰੀਜ਼ਾਂ ਦੇ ਜ਼ਰੂਰੀ ਟੈਸਟ ਬਹੁਤ ਹੀ ਰਿਆਇਤੀ ਦਰਾਂ ’ਤੇ ਕੀਤੇ ਗਏ ਅਤੇ ਦਿਲ ਦੇ ਮਰੀਜ਼ਾਂ ਦੀ ਸਹੂਲਤ ਲਈ ਈਸੀਜੀ ਦੀ ਸੁਵਿਧਾ ਵੀ ਘੱਟ ਖਰਚੇ ’ਤੇ ਉਪਲਬੱਧ ਕਰਵਾਈ ਗਈ। ਕੈਂਪ ਵਿਚ ਹਾਜ਼ਰ ਕਾਲਜ ਦੇ ਤਜਰਬੇਕਾਰ ਡਾਕਟਰਾਂ ਨੇ ਮਰੀਜ਼ਾਂ ਨੂੰ ਸਿਰਫ਼ ਦਵਾਈਆਂ ਹੀ ਨਹੀਂ ਦਿੱਤੀਆਂ, ਸਗੋਂ ਉਨ੍ਹਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਕੁਦਰਤੀ ਤਰੀਕੇ ਵੀ ਦੱਸੇ। ਡਾਕਟਰਾਂ ਨੇ ਮਰੀਜ਼ਾਂ ਨੂੰ ਸੰਤੁਲਿਤ ਖੁਰਾਕ, ਸਹੀ ਰਹਿਣ-ਸਹਿਣ ਅਤੇ ਆਯੂਰਵੈਦਿਕ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਕਿਵੇਂ ਅਸੀਂ ਆਪਣੇ ਰੋਜ਼ਾਨਾ ਦੇ ਖਾਣ-ਪੀਣ ਵਿਚ ਸੁਧਾਰ ਕਰਕੇ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰ ਸਕਦੇ ਹਾਂ। ਕੈਂਪ ਦੇ ਪਹਿਲੇ ਹੀ ਦਿਨ ਲਗਭਗ 100 ਮਰੀਜ਼ਾਂ ਨੇ ਆਪਣੀ ਰਜਿਸਟਰੇਸ਼ਨ ਕਰਵਾ ਕੇ ਮਾਹਿਰਾਂ ਦੀਆਂ ਸੇਵਾਵਾਂ ਦਾ ਲਾਭ ਉਠਾਇਆ ਸੀ। ਕੈਂਪ ਦੇ ਅੰਤਿਮ ਦਿਨ ਇਸ ਪ੍ਰਬੰਧ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਚੇਤਨ ਅਤੇ ਸੂਰਜ ਮਹਿਤਾ ਨੂੰ ਉਨ੍ਹਾਂ ਦੇ ਵਿਸ਼ੇਸ਼ ਸਹਿਯੋਗ ਲਈ ਕਾਲਜ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਹਸਪਤਾਲ ਪ੍ਰਸ਼ਾਸਨ ਨੇ ਕਿਹਾ ਕਿ ਉਹ ਭਵਿੱਖ ਵਿਚ ਵੀ ਅਜਿਹੇ ਲੋਕ-ਭਲਾਈ ਦੇ ਕਾਰਜ ਜਾਰੀ ਰੱਖਣਗੇ ਤਾਂ ਜੋ ਸਮਾਜ ਦੇ ਹਰ ਵਰਗ ਤੱਕ ਬਿਹਤਰ ਸਿਹਤ ਸਹੂਲਤਾਂ ਪਹੁੰਚਾਈਆਂ ਜਾ ਸਕਣ।