ਬਿਜਲੀ ਕੱਟਾਂ ਤੋਂ ਅੱਕੇ ਅਕਾਲੀਆਂ ਵੱਲੋਂ ਘੇਰੇ ਜਾਣਗੇ ਫਿਰੋਜ਼ਪੁਰਦੇ ਬਿਜਲੀ ਘਰ
ਅਕਾਲੀਆਂ ਵੱਲੋਂ ਘੇਰੇ ਜਾਣਗੇ ਫਿਰੋਜ਼ਪੁਰ ਦੇ ਬਿਜਲੀ ਘਰ
Publish Date: Wed, 29 Apr 2026 07:24 PM (IST)
Updated Date: Wed, 29 Apr 2026 07:28 PM (IST)

ਸਟਾਫ ਰਿਪੋਰਟਰ,ਪੰਜਾਬੀ ਜਾਗਰਣ, ਫਿਰੋਜ਼ਪੁਰ : ਪੰਜਾਬ ਵਿੱਚ ਲੱਗ ਰਹੇ ਬਿਜਲੀ ਕੱਟਾਂ ਤੋਂ ਪਰੇਸ਼ਾਨ ਲੋਕਾਂ ਨੂੰ ਨਾਮਬੱਧ ਕਰਦਿਆਂ ਅਕਾਲੀ ਦਲ ਬਾਦਲ ਵੱਲੋਂ ਵੀਰਵਾਰ ਸਵੇਰੇ ਜ਼ਿਲ੍ਹੇ ਦੇ ਬਿਜਲੀ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਅਕਾਲੀ ਇੰਚਾਰਜ਼ ਸੁਖਪਾਲ ਸਿੰਘ ਨੰਨੂੰ ਦੀ ਅਗੁਵਾਈ ਵਿੱਚ ਫਿਰੋਜ਼ਪੁਰ ਸ਼ਹਿਰ ਦੇ ਹਾਉਸਿੰਗ ਬੋਰਡ ਦੇ ਕੋਲ ਆਰਟੀਏ ਦਫਤਰ ਤੋਂ ਅੱਗੇ ਸਥਿੱਤ ਬਿਜਲੀ ਘਰ ਦੇ ਬਾਹਰ ਸਵੇਰੇ 11 ਵਜੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਦਕਿ ਫਿਰੋਜ਼ਪੁਰ ਦਿਹਾਤੀ ਦੇ ਇੰਚਾਰਜ਼ ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ ਦੀ ਅਗੁਵਾਈ ਵਿੱਚ ਫਿਰੋਜ਼ਪੁਰ ਛਾਉਣੀ ਦੇ ਬਿਜਲੀ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਅਕਾਲੀ ਆਗੂ ਉਪਕਾਰ ਸਿੰਘ ਨੇ ਦੱਸਿਆ ਕਿ ਅਕਾਲੀ ਦੇ ਸਾਬਕਾ ਸੀਪੀਐਸ ਸੁੁਖਪਾਲ ਸਿੰਘ ਨੰਨੂੰ ਅਤੇ ਸਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਵੱਲੋਂ ਅਕਾਲੀ ਵਰਕਰਾਂ ਨੂੰ ਵੱਧ ਤੋਂ ਵਧ ਇਸ ਰੋਸ ਪ੍ਰਦਰਸ਼ਨ ’ਚ ਸ਼ਮੁਲੀਅਤ ਕਰਨ ਲਈ ਅਪੀਲ ਕੀਤੀ ਗਈ ਹੈ। ਉਧਰ ਇਸ ਸਬੰਧੀ ‘ਪੰਜਾਬੀ ਜਾਗਰਣ ’ ਨਾਲ ਗੱਲਬਾਤ ਕਰਦਿਆਂ ਸਾਬਕਾ ਸੀਪੀਐਸ ਸੁਖਪਾਲ ਸਿੰਘ ਨੰਨੂੰ ਨੇ ਆਖਿਆ ਕਿ ਪੰਜਾਬ ਵਿੱਚ ਲੱਗ ਰਹੇ ਬਿਜਲੀ ਦੇ ਅਨ ਅਲੈਨੇ ਲੰਮੇ ਕੱਟਾਂ ਤੋਂ ਪੰਜਾਬ ਦੇ ਲੋਕ ਬਹੁਤ ਪਰੇਸ਼ਾਨ ਹਨ। ਉਨ੍ਹਾਂ ਆਖਿਆ ਕਿ ਚੋਣਾਂ ਤੋਂ ਪਹਿਲੋਂ ਬਿਜਲੀ ਪਾਣੀ ਸਰਪਲੱਸ ਕਰਨ ,ਸ਼ਰਾਬ ਦੀ ਐਕਸਾਈਜ਼ ਡਿਊਟੀ ’ਚ ਵਾਧਾ ਕਰਨ ਅਤੇ ਰੇਤਾ ਬੱਜਰੀ ਨਾਲ ਪੰਜਾਬ ਦੇ ਖਜਾਨੇ ਭਰਨ ਦੇ ਦਾਅਵੇ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਨੂੰ ਕਰਜਾਈ ਕਰਕੇ ਰੱਖ ਦਿੱਤਾ ਹੈ। ਨੰਨੂੰ ਨੇ ਆਖਿਆ ਕਿ ਆਮ ਆਦਮੀ ਪਾਰਟੀ ਵਾਲਿਆਂ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਆ ਚੁੱਕਾ ਹੈ।ਹਾਲਤ ਇਹ ਹੈ ਕਿ ਪੰਜਾਬ ਕੋਲ ਬਿਜਲੀ ਵੀ ਪੂਰੀ ਨਹੀਂ ਹੋ ਰਹੀ ਹੈ।ਜੇ ਇਹੀ ਹਲਾਤ ਰਹੇ ਤਾਂ ਝੌਨੇ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਬਿਜਲੀ ਕਿਵੇਂ ਪੂਰੀ ਮਿਲੇਗੀ । ਇਸੇ ਕਰਕੇ ਬਿਜਲੀ ਕੱਟਾਂ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋ ਹਲਕਾ ਪੱਧਰੀ ਧਰਨੇ ਲਗਾਏ ਜਾ ਰਹੇ ਹਨ । ਇਸ ਮੋਕੇ ਹੋਰਨਾਂ ਤੋਂ ਇਲਾਵਾ ਉਪਕਾਰ ਸਿੰਘ ਸਿੱਧੂ, ਨਰਿੰਦਰ ਸਿੰਘ ਜੋਸਨ ,ਬਲਕਾਰ ਢਿੱਲੋਂ ਅਤੇ ਹੋਰ ਵੀ ਕਈ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।