ਰੇਲਵੇ ਸਟਾਫ ਨੇ ਘਰੋਂ ਭੱਜੇ 6 ਬੱਚਿਆਂ ਨੂੰ ਮਾਪਿਆਂ ਨਾਲ ਮਿਲਾਇਆ
ਜੰਮੂਤਵੀ ਹਮਸਫਰ ਐਕਸਪ੍ਰੈਸ ਵਿਚ ਟਿਕਟ ਚੈਕਿੰਗ ਸਟਾਫ ਨੇ ਘਰੋਂ ਭੱਜੇ 6 ਬੱਚਿਆਂ ਨੂੰ ਮਾਪਿਆਂ ਨਾਲ ਮਿਲਾਇਆ
Publish Date: Wed, 06 May 2026 05:03 PM (IST)
Updated Date: Wed, 06 May 2026 05:05 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਜੰਮੂਤਵੀ ਹਮਸਫਰ ਐਕਸਪ੍ਰੈਸ ’ਚ ਸਫਰ ਕਰ ਰਹੇ ਛੇ ਮਾਸੂਮਾਂ ਨੂੰ ਸਟਾਫ ਨੇ ਸੁਰੱਖਿਅਤ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਹੈ। ਬੀਤੇ ਦਿਨ ਲੁਧਿਆਣਾ ਤੋਂ ਜੰਮੂ ਤਵੀ ਵਿਚਕਾਰ ਟਿਕਟ ਚੈਕਿੰਗ ਸਟਾਫ ਰਾਜਿੰਦਰ ਸਿੰਘ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਸੰਧੂ, ਰਾਜੇਸ਼ ਕੁਮਾਰ ਤੇ ਰਾਜਵੀਰ ਸਿੰਘ ਨੇ ਟਿਕਟਾਂ ਜਾਂਚ ਦੌਰਾਨ ਐੱਸ-2 ਕੋਚ ’ਚ ਛੇ ਬੱਚਿਆਂ ਨੂੰ ਇਕੱਲੇ ਸਫਰ ਕਰਦੇ ਦੇਖਿਆ। ਜਦੋਂ ਉਨ੍ਹਾਂ ਨੇ ਬੱਚਿਆਂ ਤੋਂ ਪੁੱਛਗਿੱਛ ਕੀਤੀ ਤਾਂ ਬੱਚਿਆਂ ਨੇ ਕਿਹਾ ਕਿ ਉਹ ਕਿਸੇ ਗੱਲੋਂ ਨਾਰਾਜ਼ ਹੋ ਕੇ ਆਪਣੇ ਘਰੋਂ ਭੱਜ ਕੇ ਆਏ ਹਨ। ਰੇਲਵੇ ਸਟਾਫ ਨੇ ਇਕ ਬੱਚੇ ਵੱਲੋਂ ਦਿੱਤੇ ਗਏ ਮੋਬਾਈਲ ਨੰਬਰ ਰਾਹੀਂ ਤੁਰੰਤ ਉਨ੍ਹਾਂ ਦੇ ਮਾਪਿਆਂ ਨਾਲ ਸੰਪਰਕ ਕੀਤਾ। ਜਿਉਂ ਹੀ ਟਰੇਨ ਜੰਮੂ ਤਵੀ ਸਟੇਸ਼ਨ ’ਤੇ ਪਹੁੰਚੀ ਰੇਲਵੇ ਸਟਾਫ ਨੇ ਸਾਰੇ ਬੱਚਿਆਂ ਨੂੰ ਰੇਲਵੇ ਸੁਰੱਖਿਆ ਬਲ ਤੇ ਚਾਈਲਡ ਕੇਅਰ ਸਟਾਫ ਦੇ ਹਵਾਲੇ ਕਰ ਦਿੱਤਾ ਤੇ ਬੱਚਿਆਂ ਦੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ। ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਟਿਕਟ ਚੈਕਿੰਗ ਸਟਾਫ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਟਾਫ ਨੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਹੈ।