- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
30 ਮਈ ਦੀ ਰਾਤ ਹਰੀਕੇ ਹੈੱਡ ਵਰਕਸ ’ਤੇ ਸੰਤਰੀ ਡਿਊਟੀ ਨਿਭਾ ਰਹੇ ਸੁਖਵਿੰਦਰ ਸਿੰਘ ’ਤੇ ਹਮਲਾ ਕਰਕੇ ਅਣਪਛਾਤੇ ਵਿਅਕਤੀ ਸਰਕਾਰੀ ਰਾਈਫਲ ਲੈ ਕੇ ਫ਼ਰਾਰ ਹੋ ਗਏ ਸਨ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਸਥਾਨਕ ਪੁਲਿਸ, ਸੀਆਈਏ ਫਿਰੋਜ਼ਪੁਰ, ਸੀਆਈਏ ਜੀਰਾ ਅਤੇ ਹੋਰ ਪੁਲਿਸ ਟੀਮਾਂ ਜਾਂਚ ਵਿੱਚ ਜੁਟ ਗਈਆਂ।

ਕਿਰਪਾਲ ਸਿੰਘ ਰੰਧਾਵਾ, ਪੰਜਾਬੀ ਜਾਗਰਣ, ਹਰੀਕੇ ਪੱਤਣ: ਹਰੀਕੇ ਹੈੱਡ ਵਰਕਸ ’ਤੇ ਤਾਇਨਾਤ ਸੁਰੱਖਿਆ ਕਰਮੀ ਸੁਖਵਿੰਦਰ ਸਿੰਘ ਨੂੰ ਜ਼ਖ਼ਮੀ ਕਰਕੇ ਸਰਕਾਰੀ ਐੱਸਐੱਲਆਰ ਰਾਈਫਲ ਅਤੇ 10 ਕਾਰਤੂਸ ਲੁੱਟਣ ਦੇ ਮਾਮਲੇ ਦੀ ਜਾਂਚ ਸ਼ੁਰੂਆਤੀ ਦਿਨਾਂ ਵਿੱਚ ਕਈ ਪਾਸਿਆਂ ਵੱਲ ਭਟਕਦੀ ਰਹੀ। ਪੁਲਿਸ ਨੇ ਇਸ ਘਟਨਾ ਨੂੰ ਨਿੱਜੀ ਰੰਜਿਸ਼ ਤੋਂ ਲੈ ਕੇ ਅੱਤਵਾਦੀ ਕੁਨੈਕਸ਼ਨ ਤੱਕ ਹਰ ਪੱਖ ਤੋਂ ਜੋੜ ਕੇ ਦੇਖਿਆ, ਪਰ ਆਖ਼ਰਕਾਰ ਮੁਲਜ਼ਮ ਆਮ ਅਪਰਾਧੀ ਹੀ ਨਿਕਲੇ।
30 ਮਈ ਦੀ ਰਾਤ ਹਰੀਕੇ ਹੈੱਡ ਵਰਕਸ ’ਤੇ ਸੰਤਰੀ ਡਿਊਟੀ ਨਿਭਾ ਰਹੇ ਸੁਖਵਿੰਦਰ ਸਿੰਘ ’ਤੇ ਹਮਲਾ ਕਰਕੇ ਅਣਪਛਾਤੇ ਵਿਅਕਤੀ ਸਰਕਾਰੀ ਰਾਈਫਲ ਲੈ ਕੇ ਫ਼ਰਾਰ ਹੋ ਗਏ ਸਨ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਸਥਾਨਕ ਪੁਲਿਸ, ਸੀਆਈਏ ਫਿਰੋਜ਼ਪੁਰ, ਸੀਆਈਏ ਜ਼ੀਰਾ ਅਤੇ ਹੋਰ ਪੁਲਿਸ ਟੀਮਾਂ ਜਾਂਚ ਵਿੱਚ ਜੁਟ ਗਈਆਂ। ਭਰੋਸੇਯੋਗ ਸੂਤਰਾਂ ਮੁਤਾਬਕ ਪੁਲਿਸ ਨੇ ਪਹਿਲਾਂ ਮਾਮਲੇ ਨੂੰ ਨਿੱਜੀ ਰੰਜਿਸ਼ ਨਾਲ ਜੋੜ ਕੇ ਪੀੜਤ ਨਾਲ ਵਿਵਾਦ ਰੱਖਣ ਵਾਲੇ ਵਿਅਕਤੀਆਂ ਦੀ ਪੜਤਾਲ ਕੀਤੀ। ਇਸ ਦੇ ਨਾਲ ਹੀ ਅੱਤਵਾਦੀ ਕੁਨੈਕਸ਼ਨ ਦੀ ਸੰਭਾਵਨਾ ਨੂੰ ਵੀ ਖੰਗਾਲਿਆ ਗਿਆ। ਸੋਸ਼ਲ ਮੀਡੀਆ ’ਤੇ ਸਰਗਰਮ ਗੈਂਗਸਟਰ ਗਰੁੱਪਾਂ ਦੀਆਂ ਪੋਸਟਾਂ ਅਤੇ ‘ਤਹਿਰੀਕ-ਏ-ਤਾਲਿਬਾਨ ਇੰਡੀਆ’ ਦੇ ਨਾਮ ਨਾਲ ਵਾਇਰਲ ਹੋਈ ਵੀਡੀਓ ਨੂੰ ਵੀ ਜਾਂਚ ਦਾ ਹਿੱਸਾ ਬਣਾਇਆ ਗਿਆ। ਪੁਲਿਸ ਦੀਆਂ ਅਟਕਲਾਂ ਨੂੰ ਉਸ ਵੇਲੇ ਵਿਰਾਮ ਮਿਲਿਆ ਜਦੋਂ ਫਾਜ਼ਿਲਕਾ ਪੁਲਿਸ ਨਾਲ ਮੁਕਾਬਲੇ ਦੌਰਾਨ ਮੱਖੂ ਵਾਸੀ ਸ਼ਮਸ਼ੇਰ ਸਿੰਘ ਗ੍ਰਿਫ਼ਤਾਰ ਹੋ ਗਿਆ ਅਤੇ ਉਸ ਕੋਲੋਂ ਲੁੱਟੀ ਗਈ ਸਰਕਾਰੀ ਰਾਈਫਲ ਬਰਾਮਦ ਹੋ ਗਈ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਦਾ ਮਕਸਦ ਕਿਸੇ ਵੱਡੀ ਅੱਤਵਾਦੀ ਸਾਜ਼ਿਸ਼ ਦੀ ਬਜਾਏ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ।
ਮਾਮੂਲੀ ਅਪਰਾਧੀਆਂ ਨੇ ਵਧਾਈ ਪੁਲਿਸ ਦੀ ਚਿੰਤਾ
ਸਰਕਾਰੀ ਰਾਈਫਲ ਲੁੱਟਣ ਦੀ ਘਟਨਾ ਨੇ ਪੁਲਿਸ ਅਤੇ ਖੂਫੀਆ ਏਜੰਸੀਆਂ ਨੂੰ ਹਿਲਾ ਕੇ ਰੱਖ ਦਿੱਤਾ। ਹੈਰਾਨੀ ਦੀ ਗੱਲ ਇਹ ਰਹੀ ਕਿ ਮੁਲਜ਼ਮ ਕਿਸੇ ਵੱਡੇ ਅੱਤਵਾਦੀ ਜਾਂ ਗੈਂਗਸਟਰ ਨੈੱਟਵਰਕ ਨਾਲ ਨਹੀਂ, ਸਗੋਂ ਆਮ ਅਪਰਾਧੀ ਪਿਛੋਕੜ ਵਾਲੇ ਨਿਕਲੇ। ਇਸ ਘਟਨਾ ਨੇ ਖੂਫੀਆ ਤੰਤਰ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਲੁੱਟੀ ਰਾਈਫਲ ਨਾਲ ਹੋ ਸਕਦੀ ਸੀ ਵੱਡੀ ਵਾਰਦਾਤ
ਪੁਲਿਸ ਨੂੰ ਸ਼ੁਰੂ ਤੋਂ ਹੀ ਖਦਸ਼ਾ ਸੀ ਕਿ ਲੁੱਟੀ ਗਈ ਸਰਕਾਰੀ ਰਾਈਫਲ ਦੀ ਵਰਤੋਂ ਲੁੱਟ-ਖੋਹ ਜਾਂ ਹੋਰ ਗੰਭੀਰ ਅਪਰਾਧਾਂ ਵਿੱਚ ਕੀਤੀ ਜਾ ਸਕਦੀ ਹੈ। ਜਾਂਚ ਦੌਰਾਨ ਇਹ ਖਦਸ਼ਾ ਸਹੀ ਸਾਬਤ ਹੁੰਦਾ ਦਿਖਾਈ ਦਿੱਤਾ ਜਦੋਂ ਮੁਲਜ਼ਮ ਫਾਜ਼ਿਲਕਾ ਖੇਤਰ ਵਿੱਚ ਵਾਰਦਾਤ ਦੀ ਨੀਅਤ ਨਾਲ ਘੁੰਮਦੇ ਪਾਏ ਗਏ। ਪੁਲਿਸ ਮੁਕਾਬਲੇ ਵਿੱਚ ਇੱਕ ਮੁਲਜ਼ਮ ਦੇ ਕਾਬੂ ਆਉਣ ਨਾਲ ਸੰਭਾਵਿਤ ਵੱਡੀ ਘਟਨਾ ਟਲ ਗਈ।