ਸੀਬੀਆਈ ਜਾਂ ਈਡੀ ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਦੀ ਜਾਂਚ ਦੀ ਮੰਗ
ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਦੀ ਇਨਕੁਆਰੀ ਸੀਬੀਆਈ ਜਾਂ ਈਡੀ ਏਜੰਸੀ ਨੂੰ ਦਿੱਤੀ ਜਾਵੇ :ਇੰਜ਼ ਸੁਰਿੰਦਰ ਸਿੰਘ ਭਿੰਡਰ
Publish Date: Tue, 05 May 2026 04:13 PM (IST)
Updated Date: Tue, 05 May 2026 04:14 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ, ਮਮਦੋਟ : ਅਧਿਕਾਰ ਸੰਘਰਸ਼ ਪਾਰਟੀ ਦੇ ਪੰਜਾਬ ਪ੍ਰਧਾਨ ਇੰਜ. ਸੁਰਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਗਰੀਬ ਐੱਸਸੀ/ਬੀਸੀ ਵਿਦਿਆਰਥੀਆਂ ਦੇ ਵਜ਼ੀਫ਼ੇ ਦੀ ਰਕਮ ਭਲਾਈ ਵਿਭਾਗ ਤੇ ਸਿੱਖਿਆ ਮਹਿਕਮੇ ਦੇ ਅਧਿਕਾਰੀਆਂ ਨੇ ਇਕ ਸਾਜ਼ਿਸ਼ ਤਹਿਤ ਆਪਣੀ ਮਰਜ਼ੀ ਨਾਲ ਕੇਂਦਰ ਸਰਕਾਰ ਤੋਂ ਕਰੋੜਾਂ ਰੁਪਏ ਦੀ ਆਈਆਂ ਰਕਮਾਂ ਹਜ਼ਮ ਕਰ ਲਈਆਂ। ਅਧਿਕਾਰ ਸੰਘਰਸ਼ ਪਾਰਟੀ ਨੇ ਮੰਗ ਕੀਤੀ ਕਿ 2016 ਤੋਂ ਪੈਂਡਿੰਗ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਇਨਕੁਆਰੀ ਸੀਬੀਆਈ ਜਾਂ ਈਡੀ ਦੇ ਹਵਾਲੇ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ 303.92 ਕਰੋੜ ਰੁਪਏ ਦੇ ਇਸ ਗਬਨ ਦੀ ਦੋ ਵਾਰ ਐੱਫ਼ਆਈਆਰ ਦਰਜ ਕੀਤੀ ਗਈ ਹੈ, ਪਰ ਵੱਡੇ ਬੰਦਿਆਂ ਅਤੇ ਅਫ਼ਸਰਸ਼ਾਹੀ ਦੀ ਸ਼ਮੂਲੀਅਤ ਕਾਰਨ ਇਹ ਕੇਸ ਅੱਗੇ ਨਹੀਂ ਤੁਰਿਆ। ਇੰਜ. ਭਿੰਡਰ ਨੇ ਕਿਹਾ ਕਿ ਇਸ ਗਬਨ ਵਿਚ ਫ਼ਰਜ਼ੀਵਾੜਾ ਕਰਕੇ ਜਾਅਲੀ ਯੂਨੀਵਰਸਿਟੀਆਂ ਦੇ ਨਾਮ ਤੇ ਕਰੋੜਾਂ ਰੁਪਏ ਡਕਾਰ ਲੈ ਗਏ ਹਨ। ਇਹ ਮਾਮਲਾ 5 ਸਾਲ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਨੇ ਅਤੇ ਹੁਣ 4 ਸਾਲ ਤੋਂ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਠੰਡੇ ਬਸਤੇ ਵਿਚ ਪਾ ਰੱਖਿਆ ਹੈ। ਇੰਜ. ਭਿੰਡਰ ਨੇ ਕਿਹਾ ਕਿ 2027 ਵਿਚ ਪੰਜਾਬ ਪ੍ਰੋਗਰੈਸਿਵ ਅਲਾਇੰਸ ਦੀ ਸਰਕਾਰ ਬਣਨ ਤੇ ਇਸ ਘਪਲੇ ਨਾਲ ਸਬੰਧਤ ਸਾਰੇ ਲੋਕਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਅਤੇ ਖ਼ੁਰਦ ਬੁਰਦ ਕੀਤੀ ਵਜ਼ੀਫ਼ੇ ਦੀ ਰਕਮ ਸਬੰਧਤ ਲੋਕਾਂ ਤੋਂ ਵਸੂਲੀ ਜਾਵੇਗੀ।