- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਫਾਈ ਮੁਲਾਜ਼ਮਾਂ ਵੱਲੋਂ ਕੂੜਾ ਸਾੜਨ ਦੌਰਾਨ ਨਿਕਲੀ ਚੰਗਿਆੜੀ ਕਾਰਨ ਅੱਗ ਭੜਕੀ, ਜਿਸ ਨੇ ਕੁਝ ਹੀ ਸਮੇਂ 'ਚ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਦੀਆਂ ਉੱਚੀਆਂ ਲਪਟਾਂ ਤੇ ਧੂੰਏਂ ਦੇ ਗੁਬਾਰ ਦੇਖ ਕੇ ਇਲਾਕੇ 'ਚ ਤਰਥੱਲੀ ਮੱਚ ਗਈ। ਸਥਾਨਕ ਲੋਕਾਂ ਨੇ ਆਪਣੀ ਜਾਨ ਜੋਖ਼ਮ 'ਚ ਪਾ ਕੇ ਹੇਠਲੀਆਂ ਦੁਕਾਨਾਂ 'ਚ ਪਿਆ ਕੁਝ ਸਾਮਾਨ ਬਾਹਰ ਕੱਢਿਆ, ਪਰ ਦੂਜੀ ਮੰਜ਼ਿਲ 'ਤੇ ਰੱਖਿਆ ਬੋਰਡ, ਪਲਾਈ, ਬੈੱਡ, ਸੋਫੇ ਅਤੇ ਹੋਰ ਤਿਆਰ ਫਰਨੀਚਰ ਪੂਰੀ ਤਰ੍ਹਾਂ ਸੜ ਗਿਆ।

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਗੁਰੂਹਰਸਹਾਏ ਸ਼ਹਿਰ ਦੀ ਪੁਰਾਣੇ ਡਾਕਖਾਨੇ ਵਾਲੀ ਗਲੀ 'ਚ ਸਥਿਤ ਗਲਹੋਤਰਾ ਫਰਨੀਚਰ ਸ਼ੋਅਰੂਮ ਨੂੰ ਸ਼ੁੱਕਰਵਾਰ ਸਵੇਰੇ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਮਿੰਟਾਂ 'ਚ ਸ਼ੋਅਰੂਮ ਦੀ ਦੂਜੀ ਮੰਜ਼ਿਲ ਨੂੰ ਆਪਣੀ ਲਪੇਟ 'ਚ ਲੈ ਲਿਆ ਅਤੇ ਉੱਥੇ ਪਿਆ ਕੀਮਤੀ ਫਰਨੀਚਰ ਸੜ ਕੇ ਸੁਆਹ ਹੋ ਗਿਆ। ਪੀੜਤ ਪਰਿਵਾਰ ਨੇ ਕੁੱਲ ਨੁਕਸਾਨ ਕਰੀਬ 25 ਲੱਖ ਰੁਪਏ ਦਾ ਦੱਸਿਆ ਹੈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ ਸਾਢੇ 7 ਵਜੇ ਸ਼ੋਅਰੂਮ ਦੇ ਪਿਛਲੇ ਹਿੱਸੇ ਦੀ ਦੂਜੀ ਮੰਜ਼ਿਲ 'ਤੇ ਅੱਗ ਲੱਗੀ।
ਪ੍ਰਤੱਖਦਰਸ਼ੀਆਂ ਮੁਤਾਬਕ ਸਫਾਈ ਮੁਲਾਜ਼ਮਾਂ ਵੱਲੋਂ ਕੂੜਾ ਸਾੜਨ ਦੌਰਾਨ ਨਿਕਲੀ ਚੰਗਿਆੜੀ ਕਾਰਨ ਅੱਗ ਭੜਕੀ, ਜਿਸ ਨੇ ਕੁਝ ਹੀ ਸਮੇਂ 'ਚ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਦੀਆਂ ਉੱਚੀਆਂ ਲਪਟਾਂ ਤੇ ਧੂੰਏਂ ਦੇ ਗੁਬਾਰ ਦੇਖ ਕੇ ਇਲਾਕੇ 'ਚ ਤਰਥੱਲੀ ਮੱਚ ਗਈ। ਸਥਾਨਕ ਲੋਕਾਂ ਨੇ ਆਪਣੀ ਜਾਨ ਜੋਖ਼ਮ 'ਚ ਪਾ ਕੇ ਹੇਠਲੀਆਂ ਦੁਕਾਨਾਂ 'ਚ ਪਿਆ ਕੁਝ ਸਾਮਾਨ ਬਾਹਰ ਕੱਢਿਆ, ਪਰ ਦੂਜੀ ਮੰਜ਼ਿਲ 'ਤੇ ਰੱਖਿਆ ਬੋਰਡ, ਪਲਾਈ, ਬੈੱਡ, ਸੋਫੇ ਅਤੇ ਹੋਰ ਤਿਆਰ ਫਰਨੀਚਰ ਪੂਰੀ ਤਰ੍ਹਾਂ ਸੜ ਗਿਆ। ਅੱਗ ਦੀ ਤੀਬਰਤਾ ਕਾਰਨ ਉੱਪਰਲੀਆਂ ਕੰਧਾਂ ਡਿੱਗ ਗਈਆਂ ਤੇ ਇਮਾਰਤ ਦੇ ਲੈਂਟਰ ਨੂੰ ਵੀ ਨੁਕਸਾਨ ਪੁੱਜਿਆ।
ਘਟਨਾ ਦੌਰਾਨ ਸਭ ਤੋਂ ਵੱਡਾ ਸਵਾਲ ਫਾਇਰ ਬ੍ਰਿਗੇਡ ਦੀ ਗੈਰਹਾਜ਼ਰੀ ਨੂੰ ਲੈ ਕੇ ਉੱਠਿਆ। ਲੋਕਾਂ ਦਾ ਦੋਸ਼ ਸੀ ਕਿ ਅੱਗ ਲੱਗਣ ਤੋਂ ਬਾਅਦ ਕਰੀਬ ਦੋ ਘੰਟੇ ਤੱਕ ਕੋਈ ਵੀ ਫਾਇਰ ਬ੍ਰਿਗੇਡ ਮੌਕੇ 'ਤੇ ਨਹੀਂ ਪੁੱਜੀ, ਜਿਸ ਕਾਰਨ ਨੁਕਸਾਨ ਕਈ ਗੁਣਾ ਵੱਧ ਗਿਆ। ਪੀੜਤ ਪਰਿਵਾਰ ਨੇ ਕਿਹਾ ਕਿ ਜੇਕਰ ਸਮੇਂ ਸਿਰ ਅੱਗ ਬੁਝਾਊ ਗੱਡੀ ਪਹੁੰਚ ਜਾਂਦੀ ਤਾਂ ਵੱਡੇ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ। ਘਟਨਾ ਤੋਂ ਭਾਵੁਕ ਹੋਏ ਇਕ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਸੁਝਾਅ ਦਿੱਤਾ ਕਿ ਵਪਾਰ ਮੰਡਲ ਅਤੇ ਦੁਕਾਨਦਾਰ ਆਪਸੀ ਸਹਿਯੋਗ ਨਾਲ ਫੰਡ ਇਕੱਠਾ ਕਰ ਕੇ ਇੱਕ ਨਿੱਜੀ ਫਾਇਰ ਬ੍ਰਿਗੇਡ ਜਾਂ ਅੱਗ ਬੁਝਾਊ ਸਿਸਟਮ ਦਾ ਪ੍ਰਬੰਧ ਕਰਨ। ਉਸ ਦਾ ਕਹਿਣਾ ਸੀ ਕਿ ਅਜਿਹੀਆਂ ਐਮਰਜੈਂਸੀ ਸਥਿਤੀਆਂ ਵਿੱਚ ਸਮੇਂ ਸਿਰ ਕਾਰਵਾਈ ਹੀ ਲੱਖਾਂ ਰੁਪਏ ਦੇ ਨੁਕਸਾਨ ਨੂੰ ਬਚਾਅ ਸਕਦੀ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਕਰੀਬ 15 ਲੱਖ ਰੁਪਏ ਦਾ ਫਰਨੀਚਰ ਅਤੇ 10 ਲੱਖ ਰੁਪਏ ਦੀ ਇਮਾਰਤ ਨੂੰ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।