ਨਗਰ ਕੌਂਸਲ ਚੋਣਾਂ ਦਾ ਭਖਿਆ ਮਾਹੌਲ, ਮਿਹਣੋਂ-ਮਿਹਣੀ ਹੋਣ ਲੱਗੇ ਸਿਆਸੀ ਸ਼ਰੀਕ
ਮਿਹਣੋਂ ਮਿਹਣੀ ਹੋਣ ਲੱਗੇ ਸਿਆਸੀ ਸ਼ਰੀਕ
Publish Date: Wed, 20 May 2026 07:21 PM (IST)
Updated Date: Wed, 20 May 2026 07:22 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਨਗਰ ਕੌਂਸਲ ਚੋਣਾਂ ਦਾ ਪ੍ਰਚਾਰ ਸ਼ੁਰੂ ਹੁੰਦਿਆਂ ਹੀ ਸਿਆਸਤਦਾਨ ਮਿਹਣੋਂ ਮਿਹਣੀਂ ਹੋਣੇ ਸ਼ੁਰੂ ਹੋ ਗਏ ਹਨ । ਆਲਮ ਇਹ ਹੈ ਵਿਰੋਧੀ ਧਿਰਾਂ ਵਿਚਾਲੇ ਦੋਸ਼ਾਂ ਦੀ ਜੰਗ ਹੁਣ ਨਿੱਜੀ ਹਮਲਿਆਂ ਤੱਕ ਪਹੁੰਚ ਗਈ ਹੈ। ਅਜਿਹਾ ਕੁੱਝ ਹੀ ਬੁੱਧਵਾਰ ਨੂੰ ਫਿਰੋਜ਼ਪੁਰ ਵਿਖੇ ਵੇਖਣ ਨੂੰ ਮਿਲਿਆਂ ਜਿਥੇ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਚੋਣ ਪ੍ਰਚਾਰ ਦੌਰਾਨ ਕਾਂਗਰਸੀ ਉਮੀਦਵਾਰਾਂ ਨੂੰ ਧਮਕੀਆਂ ਮਿਲਣ ਦਾ ਬਿਆਨ ਦੇ ਮਾਰਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੀਪੀਐਸ ਸੁੱਖਪਾਲ ਸਿੰਘ ਨੰਨੂੰ ਨੇ ਪ੍ਰੈਸ ਕਾਨਫਰੰਸ ਕਰਦਿਆਂ ਸਿਆਸੀ ਸ਼ਰੀਕਾਂ ’ਤੇ ਚਾਂਦਮਾਰੀ ਸ਼ੁਰੂ ਕਰ ਦਿੱਤੀ। ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਤੋਂ ਸ਼ੁਰੂ ਹੋਏ ਸੁਖਪਾਲ ਨੰਨੂੰ ਨੇ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ’ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ ਜਿਹੜੇ ਲੋਕ ਅੱਜ ਆਪਣੇ ਉਮੀਦਵਾਰਾਂ ਨੂੰ ਧਮਕੀਆਂ ਮਿਲਣ ਦਾ ਰੋਣਾ ਰੋ ਰਹੇ ਹਨ, ਅਸਲ ਵਿੱਚ ਉਹ ਆਪਣੀ ਹਾਰ ਨੂੰ ਸਾਹਮਣੇ ਦੇਖ ਕੇ ਘਬਰਾਏ ਹੋਏ ਹਨ। ਪ੍ਰੈੱਸ ਕਾਨਫਰੰਸ ਦੌਰਾਨ ਨੰਨੂੰ ਨੇ ਕਿਹਾ ਕਿ ਮੌਜੂਦਾ ਚੋਣਾਂ ਵਿੱਚ ਨਾ ਕੋਈ ਗੁੰਡਾਗਰਦੀ ਹੋਈ ਹੈ ਅਤੇ ਨਾ ਹੀ ਚੋਣ ਕਮਿਸ਼ਨ ਕੋਲ ਕਿਸੇ ਧਮਕੀ ਦੀ ਸ਼ਿਕਾਇਤ ਦਰਜ ਹੋਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪਹਿਲਾਂ ਖੁਦ ਧੱਕੇਸ਼ਾਹੀ ਅਤੇ ਦਬਦਬੇ ਦੀ ਸਿਆਸਤ ਕਰਦੇ ਰਹੇ ਹਨ, ਉਹੀ ਹੁਣ ਡਰ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ 2021 ਦੀਆਂ ਨਗਰ ਕੌਂਸਲ ਚੋਣਾਂ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ ਕਿ ਉਸ ਵੇਲੇ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਖੋਹੇ ਗਏ, ਹੱਥੋਪਾਈ ਹੋਈ ਅਤੇ ਲੋਕਾਂ ਨੂੰ ਨਾਮਜ਼ਦਗੀਆਂ ਦਾਖਲ ਕਰਨ ਤੋਂ ਰੋਕਿਆ ਗਿਆ ਸੀ। ਨੰਨੂੰ ਨੇ ਚੈਲੰਜ ਕਰਦਿਆਂ ਆਖਿਆ ਕਿ ਅੱਜ ਵੱਡੀਆਂ ਸਕਿਓਰਟੀਆਂ ਵਿੱਚ ਘੁੰਮਣ ਵਾਲੇ ਆਗੂ ਜਨਤਾ ਦੀ ਸੁਰੱਖਿਆ ਦੇ ਮੁੱਦੇ ’ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਿੰਕੀ ਵੱਲੋਂ ਵਿਕਾਸ ਦੇ ਕੀਤੇ ਜਾ ਰਹੇ ਦਾਅਵੇ ਵੀ ਸਿਰਫ ਸਿਆਸੀ ਡਰਾਮਾ ਹਨ। ਸ਼ਹਿਰ ਦੇ ਟਿਊਬਵੈੱਲ, ਪਾਣੀ ਦੀਆਂ ਟੈਂਕੀਆਂ, ਸੰਗਤ ਦਰਸ਼ਨ ਤਹਿਤ ਆਏ ਕਰੋੜਾਂ ਰੁਪਏ ਅਤੇ ਮਿਨੀ ਸੈਕਟਰੀਏਟ ਵਰਗੇ ਪ੍ਰੋਜੈਕਟ ਅਕਾਲੀ ਸਰਕਾਰ ਦੀ ਦੇਣ ਹਨ। ਇੰਨ੍ਹਾਂ ਸਾਰੇ ਪ੍ਰੋਜੈਕਟਾਂ ਦਾ ਪਰਮਿੰਦਰ ਸਿੰਘ ਪਿੰਕੀ ਦਾ ਦਾਅਵਾ ਝੂਠਾ ਹੈ । ਇਹ ਸਾਰੇ ਪ੍ਰੋਜੈਕਟ ਅਕਾਲੀ ਸਰਕਾਰ ਦੀ ਦੇਣ ਹਨ। ਰਾਣਾ ਗੁਰਮੀਤ ਸਿੰਘ ਸੋਢੀ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਚਾਰ ਵਾਰ ਮੰਤਰੀ ਰਹਿਣ ਦੇ ਬਾਵਜੂਦ ਉਹ ਗੁਰੂਹਰਸਹਾਏ ਦੀਆਂ ਮੁੱਢਲੀਆਂ ਸਮੱਸਿਆਵਾਂ ਤੱਕ ਹੱਲ ਨਹੀਂ ਕਰ ਸਕੇ, ਇੰਨ੍ਹਾਂ ਨੇ ਪੁੱਛਣਾ ਫਿਰੋਜ਼ਪੁਰ ਵਾਸੀਆਂ ਨੂੰ ਵੀ ਨਹੀਂ ਹੈ । ਨੰਨੂੰ ਨੇ ਆਖਰ ਵਿੱਚ ਐਸਐਸਪੀ ਫਿਰੋਜ਼ਪੁਰ ਕੋਲੋਂ ਮੰਗ ਕੀਤੀ ਕਿ ਥਾਣਿਆਂ ਵਿੱਚ ਲੰਬੇ ਸਮੇਂ ਤੋਂ ਤਾਇਨਾਤ ਪੁਲਿਸ ਅਮਲੇ ਦੀ ਤੁਰੰਤ ਬਦਲੀ ਕੀਤੀ ਜਾਵੇ ਤਾਂ ਜੋ ਲੁੱਟ-ਖੋਹ ਅਤੇ ਅਪਰਾਧਾਂ ’ਤੇ ਨਕੇਲ ਕਸੀ ਜਾ ਸਕੇ। ਪੀਜੀਆਈ ਦਿਹਾਤੀ ਹਲਕੇ ਨੂੰ ਦੇ ਕੇ ਹੁਣ ਸ਼ਹਿਰੀਆਂ ਤੋਂ ਵੋਟਾਂ ਮੰਗਦੇ ਹਨ ਕਾਂਗਰਸੀ : ਨੰਨੂੰ ਪੀਜੀਆਈ ਸੈਟੇਲਾਈਟ ਸੈਂਟਰ ਦੇ ਮੁੱਦੇ ’ਤੇ ਨੰਨੂੰ ਨੇ ਦੋਸ਼ ਲਗਾਇਆ ਕਿ ਕਾਂਗਰਸ ਨੇ ਫਿਰੋਜ਼ਪੁਰ ਸ਼ਹਿਰ ਦੇ ਲੋਕਾਂ ਨਾਲ ਵੱਡੀ ਸਿਆਸੀ ਠੱਗੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਸਰਕਾਰ ਵੇਲੇ ਸ਼ਹਿਰ ਵਿੱਚ ਮਨਜ਼ੂਰ ਹੋਇਆ ਪ੍ਰੋਜੈਕਟ ਨਿੱਜੀ ਹਉਮੈ ਕਾਰਨ ਦਿਹਾਤੀ ਖੇਤਰ ਵੱਲ ਧੱਕ ਦਿੱਤਾ ਗਿਆ, ਜਿਸ ਨਾਲ ਕਈ ਸਾਲ ਵਿਕਾਸ ਰੁਕਿਆ ਰਿਹਾ ਅਤੇ ਲੋਕਾਂ ਨੂੰ ਇਲਾਜ ਲਈ ਖੱਜਲ-ਖੁਆਰ ਹੋਣਾ ਪਿਆ। ਉਨ੍ਹਾਂ ਪੁੱਛਿਆ ਕਿ ਫਿਰੋਜ਼ਪੁਰ ਸ਼ਹਿਰ ਦਾ ਪੀਜੀਆਈ ਦਿਹਾਤੀ ਹਲਕੇ ਨੂੰ ਦੇ ਕੇ ਹੁਣ ਸ਼ਹਿਰੀਆਂ ਤੋਂ ਕਿਹੜੇ ਮੁੰਹ ਨਾਲ ਵੋਟਾਂ ਮੰਗਦੇ ਹਨ।