Firozpur Crime : ਪਿੰਡ ਚੱਕ ਸੋਮੀਆ 'ਚ ਆਵਾਰਾ ਕੁੱਤਿਆਂ ਦਾ ਕਹਿਰ, ਨੋਚ- ਨੋਚ ਕੇ ਮਾਰ ਮੁਕਾਇਆ ਨੌਜਵਾਨ
ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ। ਥਾਣਾ ਮੁਖੀ ਗੁਰਜੰਟ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਸਪਸ਼ਟ ਹੈ ਕਿ ਕੁਲਬੀਰ ਸਿੰਘ ਦੀ ਮੌਤ ਆਵਾਰਾ ਕੁੱਤਿਆਂ ਦੇ ਹਮਲੇ ਕਾਰਨ ਹੀ ਹੋਈ ਹੈ।
Publish Date: Wed, 14 Jan 2026 11:27 AM (IST)
Updated Date: Wed, 14 Jan 2026 11:39 AM (IST)
ਦੀਪਕ ਵਧਾਵਨ ਪੰਜਾਬੀ ਜਾਗਰਣ, ਗੁਰੂਹਰਸਹਾਏ : ਪਿੰਡ ਚੱਕ ਸੋਮੀਆ ਵਿੱਚ ਇੱਕ ਦਰਦਨਾਕ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪਾਰਟੀ ਤੋਂ ਘਰ ਵਾਪਸ ਆ ਰਹੇ ਇੱਕ ਨੌਜਵਾਨ ਨੂੰ ਆਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਮਾਰ ਦਿੱਤਾ। ਮ੍ਰਿਤਕ ਦੀ ਪਛਾਣ ਕੁਲਬੀਰ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਚੱਕ ਸੋਮੀਆ ਵਜੋਂ ਹੋਈ ਹੈ। ਇਸ ਦੁੱਖਦਾਈ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਅਤੇ ਡਰ ਦਾ ਮਾਹੌਲ ਹੈ।
ਮਿਲੀ ਜਾਣਕਾਰੀ ਮੁਤਾਬਕ ਕੁਲਬੀਰ ਸਿੰਘ ਦੇਰ ਰਾਤ ਕਿਸੇ ਪਾਰਟੀ ਤੋਂ ਆਪਣੇ ਘਰ ਵੱਲ ਵਾਪਸ ਆ ਰਿਹਾ ਸੀ। ਜਦੋਂ ਉਹ ਘਰ ਤੋਂ ਕਰੀਬ 60 ਮੀਟਰ ਦੂਰ ਪਿਸ਼ਾਬ ਕਰਨ ਲਈ ਰੁਕਿਆ, ਤਾਂ ਅਚਾਨਕ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਉਸ ’ਤੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਨੌਜਵਾਨ ਨੂੰ ਬੁਰੀ ਤਰ੍ਹਾਂ ਨੋਚਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ। ਇਸ ਘਟਨਾ ਦਾ ਪਤਾ ਸਵੇਰੇ ਕਰੀਬ 7 ਵਜੇ ਉਸ ਸਮੇਂ ਲੱਗਾ, ਜਦੋਂ ਇੱਕ ਪਿੰਡ ਨਿਵਾਸੀ ਡੇਰੀ ’ਤੇ ਦੁੱਧ ਪਾਉਣ ਲਈ ਜਾ ਰਿਹਾ ਸੀ। ਉਸ ਨੇ ਰਾਹ ਵਿੱਚ ਨੌਜਵਾਨ ਦੀ ਲਾਸ਼ ਪਈ ਦੇਖੀ ਅਤੇ ਤੁਰੰਤ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ। ਥਾਣਾ ਮੁਖੀ ਗੁਰਜੰਟ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਸਪਸ਼ਟ ਹੈ ਕਿ ਕੁਲਬੀਰ ਸਿੰਘ ਦੀ ਮੌਤ ਆਵਾਰਾ ਕੁੱਤਿਆਂ ਦੇ ਹਮਲੇ ਕਾਰਨ ਹੀ ਹੋਈ ਹੈ।
ਉਧਰ, ਮ੍ਰਿਤਕ ਦੇ ਮਾਪਿਆਂ ਨੇ ਪੁਲਿਸ ਕੋਲੋਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਨਾ ਕਰਵਾਉਣ ਦੀ ਬੇਨਤੀ ਕੀਤੀ ਅਤੇ ਬਿਨਾਂ ਪੋਸਟਮਾਰਟਮ ਦੇ ਹੀ ਅੰਤਿਮ ਸੰਸਕਾਰ ਕਰਨ ਦੀ ਅਰਜ਼ੀ ਦਿੱਤੀ। ਪਰਿਵਾਰ ਦਾ ਕਹਿਣਾ ਹੈ ਕਿ ਉਹ ਹੋਰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਹੀਂ ਚਾਹੁੰਦੇ। ਮ੍ਰਿਤਕ ਕੁਲਬੀਰ ਦਾ ਫੋਨ ਬੰਦ ਆ ਰਿਹਾ ਹੈ ਅਤੇ ਫੋਨ ਵੀ ਗਾਇਬ ਹੈ , ਸ਼ਾਇਦ ਕੋਈ ਚੁੱਕ ਕੇ ਲੈ ਗਿਆ ।