ਇਲਾਕੇ ’ਚ ਕਿਸੇ ਵੀ ਮਾੜੇ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ : ਡੀਐੱਸਪੀ ਜ਼ੀਰਾ
ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕਾਰਵਾਈ ਨੂੰ ਤੇਜ਼ ਕਰਦੇ ਹੋਏ ਜ਼ੀਰਾ ਪੁਲਿਸ ਨੇ “ਕਾਸੋ ਅਪ੍ਰੈਸ਼ਨ” ਚਲਾਇਆ
Publish Date: Tue, 21 Apr 2026 07:10 PM (IST)
Updated Date: Tue, 21 Apr 2026 07:13 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕਾਰਵਾਈ ਨੂੰ ਤੇਜ਼ ਕਰਦੇ ਹੋਏ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀਐੱਸਪੀ ਜਸਪਾਲ ਸਿੰਘ ਢਿੱਲੋਂ ਨੇ ਪੁਲੀਸ ਪਾਰਟੀ ਸਮੇਤ ‘ਕਾਸੋ ਅਪ੍ਰੈਸ਼ਨ’ ਚਲਾਇਆ। ਇਸ ਦੌਰਾਨ ਡੀਐੱਸਪੀ ਜਸਪਾਲ ਸਿੰਘ ਢਿੱਲੋਂ ਨੇ ਪੁਲਿਸ ਪਾਰਟੀ ਨਾਲ ਬੱਸ ਸਟੈਂਡ ਜ਼ੀਰਾ, ਸ਼ਹਿਰ, ਬਾਜ਼ਾਰਾਂ ਅਤੇ ਹੋਰ ਭੀੜ-ਭਾੜ ਵਾਲੀਆਂ ਥਾਵਾਂ ’ਤੇ ਚੈਕਿੰਗ ਕੀਤੀ। ਇਸ ਦੌਰਾਨ ਪੁਲੀਸ ਵੱਲੋਂ ਬੱਸਾਂ, ਵਾਹਨਾਂ ਅਤੇ ਪਾਰਕਿੰਗ ਏਰੀਆ ਵਿੱਚ ਖੜ੍ਹੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਵੀ ਕੀਤੀ ਗਈ।ਇਸ ਦੌਰਾਨ ਬੱਸ ਸਟੈਂਡ ਵਿਖੇ ਯਾਤਰੀਆਂ ਦੇ ਪਛਾਣ ਪੱਤਰ ਅਤੇ ਰਿਹਾਇਸ਼ੀ ਵੇਰਵਿਆਂ ਦੀ ਵੀ ਤਸਦੀਕ ਕੀਤੀ ਗਈ। ਡੀਐੱਸਪੀ ਢਿੱਲੋਂ ਨੇ ਦੱਸਿਆ ਕਿ ਚੈਕਿੰਗ ਦੌਰਾਨ ਮੈਨੂਅਲ ਅਤੇ ਵਿਜ਼ੂਅਲ ਢੰਗ ਨਾਲ ਐਂਟੀ-ਸੈਬੋਟਾਜ਼ ਜਾਂਚ ਕੀਤੀ ਗਈ,ਜਿਸਦਾ ਮਕਸਦ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਜਾਂ ਸ਼ੱਕੀ ਸਮੱਗਰੀ,ਨਸ਼ੀਲੇ ਪਦਾਰਥਾਂ ਅਤੇ ਅਪਰਾਧਿਕ ਗਤੀਵਿਧੀਆਂ ’ਤੇ ਨਜਰ ਰੱਖਣਾ ਸੀ, ਹਾਲਾਂਕਿ ਇਸ ਮੁਹਿੰਮ ਦੌਰਾਨ ਕੋਈ ਵੱਡੀ ਬਰਾਮਦਗੀ ਨਹੀਂ ਹੋਈ, ਪਰ ਕਈ ਸ਼ੱਕੀ ਵਿਅਕਤੀਆਂ ਦੇ ਬਿਆਨ ਦਰਜ ਕਰਕੇ ਉਨ੍ਹਾਂ ‘ਤੇ ਨਿਗਰਾਨੀ ਬਣਾਈ ਗਈ ਹੈ।ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ 24 ਘੰਟੇ ਚੌਕਸੀ ਰੱਖੀ ਜਾ ਰਹੀ ਹੈ ਅਤੇ ਇਲਾਕੇ ਵਿੱਚ ਕਿਸੇ ਵੀ ਮਾੜੇ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਬਾਰੇ ਜਾਣਕਾਰੀ ਮਿਲੇ ਤਾਂ ਤੁਰੰਤ ਜ਼ੀਰਾ ਪੁਲੀਸ ਨੂੰ ਸੂਚਿਤ ਕੀਤਾ ਜਾਵੇ। ਪੁਲੀਸ ਨੇ ਸਪਸ਼ਟ ਕੀਤਾ ਕਿ ਜਨਤਾ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਲਈ ਇਸ ਤਰ੍ਹਾਂ ਦੀਆਂ ਵਿਸ਼ੇਸ਼ ਮੁਹਿੰਮਾਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ। ਇਸ ਮੌਕੇ ਏਐੱਸਆਈ ਲਖਬੀਰ ਸਿੰਘ, ਏਐੱਸਆਈ ਸਵਰਨ ਸਿੰਘ,ਐੱਚਸੀ ਪ੍ਰਭਜੀਤ ਸਿੰਘ, ਐੱਚਸੀ ਰਵਿੰਦਰ ਸਿੰਘ ਸਮੇਤ ਪੁਲਿਸ ਮੁਲਾਜ਼ਮ ਹਾਜ਼ਰ ਸਨ।