ਅਜੋਕੇ ਹਾਲਾਤਾਂ ਅਨੁਸਾਰ ਪ੍ਰਮੋਸ਼ਨ ਲਿਸਟਾਂ ਦੁਬਾਰਾ ਜਾਰੀ ਕੀਤੀਆਂ ਜਾਣ : ਜੀਐੱਸਟੀਯੂ
ਅਜੋਕੇ ਹਾਲਾਤਾਂ ਅਨੁਸਾਰ ਪ੍ਰਮੋਸ਼ਨ ਲਿਸਟਾਂ ਦੁਬਾਰਾ ਜਾਰੀ ਕੀਤੀਆਂ ਜਾਣ : ਜੀਐੱਸਟੀਯੂ
Publish Date: Fri, 15 May 2026 06:17 PM (IST)
Updated Date: Fri, 15 May 2026 06:18 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਵਿਚ ਤਰੱਕੀਆਂ ਲਈ ਜਾਰੀ ਕੀਤੀਆਂ ਗਈਆਂ ਪ੍ਰਮੋਸ਼ਨ ਲਿਸਟਾਂ ਨੂੰ ਮੌਜ਼ੂਦਾ ਹਾਲਾਤਾਂ ਦੇ ਅਨੁਸਾਰ ਦੁਬਾਰਾ ਜਾਰੀ ਕਰਨ ਦੀ ਮੰਗ ਕਰਦਿਆਂ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਸਿੱਖਿਆ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਸਾਰੇ ਟੈੱਟ ਪਾਸ ਅਤੇ ਯੋਗ ਅਧਿਆਪਕਾਂ ਨੂੰ ਸੀਨੀਅਰਤਾ ਦੇ ਆਧਾਰ ’ਤੇ ਤਰੱਕੀ ਦਾ ਮੌਕਾ ਦਿੱਤਾ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾਈ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਜਨਰਲ ਸਕੱਤਰ ਜਿੰਦਰ ਪਾਇਲਟ, ਵਿੱਤ ਸਕੱਤਰ ਨਵੀਨ ਕੁਮਾਰ ਸੱਚਦੇਵਾ, ਐਡੀਸ਼ਨਲ ਸਕੱਤਰ ਬਾਜ਼ ਸਿੰਘ ਭੁੱਲਰ, ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਖਾਨਪੁਰ, ਜਨਰਲ ਸਕੱਤਰ ਪਰਮਿੰਦਰ ਸਿੰਘ ਸੋਢੀ ਅਤੇ ਸੀਨੀਅਰ ਮੀਤ ਪ੍ਰਧਾਨ ਰਾਜਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਪ੍ਰਮੋਸ਼ਨ ਸੈੱਲ ਵੱਲੋਂ ਜਨਵਰੀ 2026 ਵਿਚ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਲਈ ਪ੍ਰਮੋਸ਼ਨ ਲਿਸਟਾਂ ਜਾਰੀ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਉਸ ਸਮੇਂ ਦੇ ਟੈੱਟ ਪਾਸ ਅਧਿਆਪਕਾਂ ਨੂੰ ਹੀ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲਗਭਗ ਸਾਰੇ ਅਧਿਆਪਕ ਟੈੱਟ ਯੋਗਤਾ ਹਾਸਲ ਕਰ ਚੁੱਕੇ ਹਨ,ਪਰ ਵਿਭਾਗ ਵੱਲੋਂ ਕੇਵਲ ਪਹਿਲਾਂ ਜਾਰੀ ਕੀਤੀਆਂ ਲਿਸਟਾਂ ਵਿੱਚ ਸ਼ਾਮਲ ਅਧਿਆਪਕਾਂ ਤੋਂ ਹੀ ਟੈੱਟ ਪਾਸ ਹੋਣ ਸਬੰਧੀ ਜਾਣਕਾਰੀ ਮੰਗੀ ਜਾ ਰਹੀ ਹੈ। ਯੂਨੀਅਨ ਆਗੂਆਂ ਨੇ ਇਸ ਨੂੰ ਸੀਨੀਅਰ ਅਤੇ ਯੋਗ ਅਧਿਆਪਕਾਂ ਨਾਲ ਨਿਆਂ ਨਾ ਹੋਣ ਦੇ ਬਰਾਬਰ ਕਰਾਰ ਦਿੱਤਾ। ਜਥੇਬੰਦੀ ਨੇ ਮੰਗ ਕੀਤੀ ਕਿ ਸੂਬੇ ਦੇ ਸਾਰੇ ਟੈੱਟ ਪਾਸ ਅਧਿਆਪਕਾਂ ਦੀ ਨਵੀਂ ਜਾਣਕਾਰੀ ਇਕੱਠੀ ਕਰਕੇ ਪ੍ਰਮੋਸ਼ਨ ਲਿਸਟਾਂ ਨੂੰ ਸੀਨੀਅਰਤਾ ਦੇ ਆਧਾਰ ’ਤੇ ਦੁਬਾਰਾ ਤਿਆਰ ਅਤੇ ਜਾਰੀ ਕੀਤਾ ਜਾਵੇ ਤਾਂ ਜੋ ਹਰ ਯੋਗ ਅਧਿਆਪਕ ਨੂੰ ਉਸਦਾ ਬਣਦਾ ਹੱਕ ਅਤੇ ਤਰੱਕੀ ਦਾ ਨਿਰਪੱਖ ਮੌਕਾ ਮਿਲ ਸਕੇ।