ਨਗਰ ਕੌਂਸਲ ਚੋਣਾਂ ’ਚ ਸਿਆਸੀ ਧਿਰਾਂ ਨਹੀਂ ਖੌਲ੍ਹ ਰਹੀਆਂ ਪੱਤੇ ਜਾਂ ਉਮੀਦਵਾਰਾਂ ਦਾ ਕਾਲ !

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ,
ਫਿਰੋਜ਼ਪੁਰ ; ਸਥਾਨਕ ਸਰਕਾਰਾਂ ਦੀਆਂ ਚੋਣਾਂ ਦਾ ਐਲਾਨ ਹੁੰਦਿਆਂ ਹੀ ਭਾਵੇਂ ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਨਜ਼ਰ ਆ ਰਿਹਾ ਹੈ, ਪਰ ਸਥਾਨਕ ਪੱਧਰ ਦੀ ਜੇ ਗੱਲ ਕਰੀਏ ਤਾਂ ਚੋਣਾਂ ਦੇ ਐਲਾਨ ਦੇ ਬਾਵਜੂਦ ਪੱਸਰਿਆ ਅਜੀਬ ਜਿਹਾ ਸੰਨਾਟਾ ਸਭ ਨੂੰ ਹੈਰਾਨ ਕਰ ਰਿਹਾ ਹੈ। ਵੱਖ-ਵੱਖ ਸਿਆਸੀ ਧਿਰਾਂ ਦੇ ਦਫਤਰਾਂ ਅਤੇ ਕੋਠੀਆਂ ’ਚ ਭਾਵੇਂ ਅੰਦਰੋਂ ਅੰਦਰੀ ਕਾਫੀ ਕੁਝ ਚੱਲ ਰਿਹਾ ਹੋਵੇ ਪਰ ਬਾਹਰੀ ਤੌਰ ’ਤੇ ਬਹੁਤ ਕੁੱਝ ਦਿਖਾਈ ਨਹੀਂ ਦੇ ਰਿਹਾ ਹੈ। ਉਮੀਦਵਾਰਾਂ ਦੇ ਐਲਾਣ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਸਿਆਸੀ ਧਿਰਾਂ ਨੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ। ਨਗਰ ਕੌਂਸਲ ਫਿਰੋਜ਼ਪੁਰ ’ਤੇ ਰਾਜ ਕਰਕੇ ਹਟੀ ਕਾਂਗਰਸ ਵੱਲੋਂ ਇਸ ਵਾਰ ਪੁਰਾਣੇ ਚਿਹਰਿਆਂ ’ਤੇ ਹੀ ਦਾਅ ਖੇਡੇ ਜਾਣ ਦੀ ਸੰਭਾਵਨਾ ਹੈ, ਤਾਂ ਸੂਬੇ ਦੀ ਸਿਆਸਤ ਵਿੱਚ ਪਹਿਲੀ ਵਾਰ ਆਈ ਆਮ ਆਦਮੀ ਪਾਰਟੀ ਦੀ ਪਹਿਲੀ ਸਥਾਨਕ ਸਰਕਾਰਾਂ ਚੋਣ ਹੋਣ ਕਾਰਣ ‘ਆਪ’ ਦੇ ਨਵੇਂ ਚਿਹਰੇ ਮੈਦਾਨ ਵਿੱਚ ਹੋਣਗੇ । ਪਿਛਲੇ ਵਾਰ ਦੀ ਨਗਰ ਕੌਂਸਲ ਫਿਰੋਜ਼ਪੁਰ ਦੀ ਚੋਣ ਨਾਲੋਂ ਇਸ ਵਾਰ ਕਾਫੀ ਕੁਝ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ। ਭਾਜਪਾ ਨਾਲ ਤੋੜ ਵਿਛੋੜੇ ਤੋਂ ਬਾਅਦ ਇਸ ਵਾਰ ਅਕਾਲੀ ਦਲ ਬਾਦਲ ਸ਼ਹਿਰ ਦੀਆਂ ਸਾਰੀਆਂ ਸੀਟਾਂ ’ਤੇ ਇਕੱਲਿਆਂ ਚੋਣ ਲੜੇਗਾ ਤਾਂ ਭਾਜਪਾ ਨੂੰ ਵੀ ਸਾਰੀਆਂ ਸੀਟਾਂ ਲਈ ਉਮੀਦਵਾਰ ਲੱਭਣੇ ਸੌਖਾ ਕੰਮ ਨਹੀਂ ਹੈ। ਭਾਜਪਾ ਨਾਲ ਟੁੱਟ ਚੁੱਕੇ ਗਠਜੋੜ ਤੋਂ ਬਾਅਦ ਅਕਾਲੀ ਦਲ ਲਈ ਇਹ ਚੋਣਾਂ ਵੱਡੀ ਸਿਆਸੀ ਅਗਨੀ ਪ੍ਰੀਖਿਆ ਮੰਨੀਆਂ ਜਾ ਰਹੀਆਂ ਹਨ। ਪਾਰਟੀ ਆਪਣੇ ਪੁਰਾਣੇ ਵੋਟ ਬੈਂਕ ਨੂੰ ਮੁੜ ਇਕੱਠਾ ਕਰਨ ਲਈ ਜ਼ੋਰ ਲਗਾ ਰਹੀ ਹੈ।
ਉੱਥੇ ਹੀ ‘ਵਾਰਿਸ ਪੰਜਾਬ ਦੇ’, ਅਕਾਲੀ ਦਲ ਪੁਨਰ ਸੁਰਜੀਤ, ਅਕਾਲੀ ਦਲ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਪੰਥਕ ਅਤੇ ਖੇਤਰੀ ਧਿਰਾਂ ਦੇ ਮੈਦਾਨ ਵਿੱਚ ਆਉਣ ਨਾਲ ਚੋਣ ਮੁਕਾਬਲਾ ਹੋਰ ਦਿਲਚਸਪ ਬਣਦਾ ਜਾ ਰਿਹਾ ਹੈ। ਇਹ ਧਿਰਾਂ ਪੰਥਕ ਅਤੇ ਰਵਾਇਤੀ ਵੋਟਾਂ ਵਿੱਚ ਵੰਡ ਪਾ ਸਕਦੀਆਂ ਹਨ, ਜਿਸਦਾ ਸਿੱਧਾ ਲਾਭ ਭਾਜਪਾ ਨੂੰ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸਿੱਖ ਵੋਟਾਂ ਦੇ ਵੰਡੇ ਜਾਣ ਦੇ ਖਦਸ਼ੇ ਦੇ ਚੱਲਦਿਆਂ ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰ ਪੰਥਕ ਧਿਰਾਂ ਵੀ ਅਜੇ ਸੋਚਾਂ ਵਿੱਚ ਨਜ਼ਰ ਆ ਰਹੀਆਂ ਹਨ। ਨਗਰ ਕੌਂਸਲ ਚੋਣਾਂ ਵਿਚ ਪਸਰੀ ਹੈਰਾਨਕੁੰਨ ਚੁੱਪ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸੱਕਦਾ ਹੈ ਕਿ ਨਾਮਜ਼ਦਗੀਆਂ ਦਾਖਲ ਕਰਨ ਦੇ ਦੂਜੇ ਦਿਨ ਤੱਕ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਲਈ ਮਹਿਜ਼ ਇਕ ਉਮੀਦਵਾਰ ਵੱਲੋਂ ਹੀ ਕਾਗਜ ਦਾਖਲ ਕੀਤੇ ਗਏ ਹਨ।
-----------------------------------------------
ਸਮਾਜ ਸੇਵੀ ਬਣੇ ਸਾਬਕਾ ਗੈਂਗਸਟਰ ਚੰਦੂ ਨੇ ਵਧਾਈ ਕਈਆਂ ਦੀ ਚਿੰਤਾ !
-- ‘ਸਮਾਜ ਸੇਵੀ’ ਬਣਿਆ ਸਾਬਕਾ ਗੈਂਗਸਟਰ ਚੰਦੂ ਇਨ੍ਹਾਂ ਚੋਣਾਂ ਵਿੱਚ ਕਈ ਸਿਆਸੀ ਧਿਰਾਂ ਲਈ ਸਸਪੈਂਸ ਬਣਿਆ ਹੋਇਆ ਹੈ। ਚੋਣਾਂ ਵਿੱਚ ਚੰਦੂ ਵੱਲੋਂ ਉਮੀਦਵਾਰ ਉਤਾਰੇ ਜਾਣ ਦੀ ਚਰਚਾ ਤੇ ਉਸ ਦੀਆਂ ਚੋਣ ਸਰਗਰਮੀਆਂ ਨੇ ਸਿਆਸੀ ਧਿਰਾਂ ਦੀ ਚਿੰਤਾ ਵਧਾ ਦਿੱਤੀ ਹੈ। ਭਾਵੇਂ ਬੀਤੇ ਕੁਝ ਮਹੀਨਿਆਂ ਤੋਂ ਚੰਦੂ ਸਮਾਜ ਵਿਚ ਇਕ ਸੋਸ਼ਲ ਵਰਕਰ ਵਜੋਂ ਵਿਚਰ ਰਿਹਾ ਹੈ ,ਪਰ ਜ਼ਿਆਦਾਤਰ ਸਿਆਸੀ ਧਿਰਾਂ ਅਤੇ ਪੁਰਾਣੇ ਕੌਂਸਲਰ ਚੰਦੂ ਦੇ ਉਮੀਦਵਾਰਾਂ ਦੇ ਵਿਰੁੱਧ ਖੜੇ ਹੋਣ ਦੀ ਬਜਾਏ ਚੰਦੂ ਵੱਲੋਂ ਆਜ਼ਾਦ ਚੋਣ ਲੜਨ ਦੇ ਇਛੁੱਕ ਨਜ਼ਰ ਆ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਚੰਦੂ ਕਿਸੇ ਇੱਕ ਪਾਰਟੀ ਦਾ ਨਹੀਂ, ਸਗੋਂ ਕਈ ਧਿਰਾਂ ਦੀ ਖੇਡ ਖਰਾਬ ਕਰ ਸਕਦਾ ਹੈ।
----
ਭਾਜਪਾ ਵਿੱਚ ਵੀ ਨਹੀਂ ਹੈ ਸੱਭ ਅੱਛਾ !
----ਬੀਤੇ ਕੁੱਝ ਮਹੀਨਿਆਂ ਤੋਂ ਫਿਰੋਜ਼ਪੁਰ ਭਾਜਪਾ ਵਿੱਚ ਸੱਭ ਅੱਛਾ ਨਹੀਂ ਚੱਲ ਰਿਹਾ ਹੈ। ਮੀਡੀਆ ਰਿਪੋਰਟਾਂ ’ਤੇ ਜੇ ਯਕੀਨ ਕਰੀਏ ਤਾਂ ਹਰ ਵਾਰ ਦੀ ਤਰਾਂ ਇਸ ਵਾਰ ਵੀ ਭਾਜਪਾਈਆਂ ਦੇ ਦੋ ਜਾਂ ਤਿੰਨ ਧੜੇ ਬਣੇ ਹੋਏ ਹਨ। ਇੰਨ੍ਹਾਂ ਵਿੱਚੋਂ ਕੁੱਝ ਭਾਜਪਾਈ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬੋਬੀ ਬਾਠ ਨਾਲ ਅਤੇ ਕੁਝ ਭਾਜਪਾਈ ਕੌਮੀ ਕਾਰਜਕਾਰਨੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਨਜ਼ਰ ਆ ਰਹੇ ਹਨ। ਜਦਕਿ ਆਰਐੱਸਐੱਸ ਦੇ ਕੁਝ ਪੁਰਾਣੇ ਸਮੱਰਥਕ ਟਕਸਾਲੀ ਭਾਜਪਾਈਆਂ ਦੇ ਸੰਪਰਕ ਵਿੱਚ ਹਨ।
----
ਕਈ ਗੈਂਗਸਟਰ ਅਤੇ ‘ਜੇਲ੍ਹ ਬਰਡ’ ਆਪਣੇ ਪਰਿਵਾਰ ਦੇ ਕਾਗਜ ਭਰਵਾਉਣ ਦੀ ਤਿਆਰੀ ਵਿੱਚ
----ਇਸ ਵਾਰ ਦੀਆਂ ਚੋਣਾਂ ਵਿੱਚ ਪਸਰੀ ਚੁੱਪ ਦਾ ਸੱਭ ਤੋਂ ਵੱਡਾ ਕਾਰਨ ਇਹ ਹੈ ਕਿ ਇਸ ਵਾਰ ਨਗਰ ਕੌਂਸਲ ਚੋਣਾਂ ਵਿਚ ਜ਼ਿਆਦਾਤਰ ਗੈਂਗਸਟਰ ਅਤੇ ਜੇਲ੍ਹਾਂ ਵਿੱਚ ਬੈਠੇ ਅਪਰਾਧੀ ਕਿਸਮ ਦੇ ਲੋਕ ਵੀ ਆਪਣੈ ਪਰਿਵਾਰਕ ਮੈਂਬਰਾਂ ਨੂੰ ਚੋਣ ਲੜਾਉਣ ਦੀ ਤਿਆਰੀ ਕਰ ਰਹੇ ਹਨ। ਜੇ ਕਰ ਅਜਿਹਾ ਹੁੰਦਾ ਹੈ ਤਾਂ ਚੋਣਾਂ ਵਿਚ ਪਸਰੀ ਇਹ ਚੁੱਪ ਆਉਣ ਵਾਲੇ ਦਿਨਾਂ ਵਿੱਚ ਸ਼ਹਿਰੀਆਂ ਲਈ ਦਹਿਸ਼ਤ ਦਾ ਸਬੱਬ ਬਣ ਸੱਕਦੀ ਹੈ।