- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੇ ਇਸ ਭਗੌੜੇ ਨੂੰ ਕਾਬੂ ਕਰਦਿਆਂ ਉਸ ਵਿਰੁੱਧ ‘ਦੀ ਪੰਜਾਬ ਗੁੱਡ ਕੰਡਕਟ ਪਰੀਸ਼ਨਜ਼ (ਟੇਮਪ੍ਰੇਰੀ ਰਿਲੀਜ਼ ) ਐਕਟ 1962’ ਦੀਆਂ ਸਖ਼ਤ ਧਾਰਾਵਾਂ ਤਹਿਤ ਨਵਾਂ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਅਜਿਹੇ ਅਪਰਾਧੀ ਸਮਾਜਿਕ ਸੁਰੱਖਿਆ ਲਈ ਖਤਰਾ ਬਣ ਸਕਦੇ ਹਨ ਜੋ ਪੈਰੋਲ ਦੀ ਸਹੂਲਤ ਦਾ ਗਲਤ ਫਾਇਦਾ ਉਠਾਉਂਦੇ ਹਨ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਜ਼ਿਲ੍ਹੇ ਦੇ ਥਾਣਾ ਆਰਿਫ ਕੇ ਪੁਲਿਸ ਨੇ ਕਾਨੂੰਨ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਫਰਾਰ ਚੱਲ ਰਹੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜੋ ਜੇਲ੍ਹ ਤੋਂ ਪੈਰੋਲ ਮਿਲਣ ਦੇ ਬਾਅਦ ਵਾਪਸ ਨਹੀਂ ਪਰਤਿਆ ਸੀ। ਪੁਲਿਸ ਨੇ ਇਸ ਭਗੌੜੇ ਨੂੰ ਕਾਬੂ ਕਰਦਿਆਂ ਉਸ ਵਿਰੁੱਧ ‘ਦੀ ਪੰਜਾਬ ਗੁੱਡ ਕੰਡਕਟ ਪਰੀਸ਼ਨਜ਼ (ਟੇਮਪ੍ਰੇਰੀ ਰਿਲੀਜ਼ ) ਐਕਟ 1962’ ਦੀਆਂ ਸਖ਼ਤ ਧਾਰਾਵਾਂ ਤਹਿਤ ਨਵਾਂ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਅਜਿਹੇ ਅਪਰਾਧੀ ਸਮਾਜਿਕ ਸੁਰੱਖਿਆ ਲਈ ਖਤਰਾ ਬਣ ਸਕਦੇ ਹਨ ਜੋ ਪੈਰੋਲ ਦੀ ਸਹੂਲਤ ਦਾ ਗਲਤ ਫਾਇਦਾ ਉਠਾਉਂਦੇ ਹਨ। ਕੈਦੀ ਦੀ ਪਛਾਣ ਕੁਲਬੀਰ ਸਿੰਘ ਪੁੱਤਰ ਅਜੀਤ ਸਿੰਘ, ਵਾਸੀ ਪਿੰਡ ਕਾਲੇ ਕੇ ਹਿਠਾੜ ਵਜੋਂ ਹੋਈ ਹੈ, ਜੋ ਪਿਛਲੇ ਲੰਬੇ ਸਮੇਂ ਤੋਂ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਕੇ ਲੁਕਿਆ ਹੋਇਆ ਸੀ। ਥਾਣਾ ਆਰਿਫ ਕੇ ਦੇ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਇਕ ਭਗੌੜੇ ਕੁਲਬੀਰ ਸਿੰਘ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਕੈਦੀ ਨੰਬਰ 5434/366 ਕੁਲਬੀਰ ਸਿੰਘ ਨੂੰ ਅਦਾਲਤੀ ਹੁਕਮਾਂ ਅਤੇ ਜੇਲ੍ਹ ਵਿਭਾਗ ਦੀਆਂ ਰਿਪੋਰਟਾਂ ਪੱਤਰ ਨੰਬਰ 335, ਮਿਤੀ 19 ਜਨਵਰੀ 2026 ਅਨੁਸਾਰ ਨਿਯਮਾਂ ਤਹਿਤ ਪੈਰੋਲ ਦਿੱਤੀ ਗਈ ਸੀ। ਜੇਲ੍ਹ ਦਫ਼ਤਰ ਦੇ ਵਾਰੰਟ ਨੰਬਰ 385 ਅਤੇ ਰਿਹਾਈ ਹੁਕਮ ਨੰਬਰ 370, ਮਿਤੀ 6 ਫਰਵਰੀ 2025 ਦੇ ਅਧਾਰ ’ਤੇ ਉਸ ਨੂੰ 46 ਦਿਨਾਂ ਲਈ ਜੇਲ੍ਹ ਤੋਂ ਬਾਹਰ ਰਹਿਣ ਦੀ ਇਜਾਜ਼ਤ ਮਿਲੀ ਸੀ। ਸ਼ਰਤਾਂ ਮੁਤਾਬਕ ਉਸ ਨੇ ਆਪਣੀ ਪੈਰੋਲ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ 25 ਮਾਰਚ 2025 ਨੂੰ ਹਰ ਹਾਲਤ ਵਿਚ ਜੇਲ੍ਹ ਵਾਪਸ ਪਹੁੰਚਣਾ ਸੀ। ਪਰ ਕੁਲਬੀਰ ਸਿੰਘ ਨੇ ਜੇਲ੍ਹ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਇਸ ਰਾਹਤ ਦਾ ਨਾਜਾਇਜ਼ ਫਾਇਦਾ ਉਠਾਇਆ ਅਤੇ ਮਿਥੀ ਤਰੀਕ ’ਤੇ ਜੇਲ੍ਹ ਵਿਚ ਹਾਜ਼ਰ ਹੋਣ ਦੀ ਬਜਾਏ ਰੂਪੋਸ਼ ਹੋ ਗਿਆ। ਲਗਪਗ ਇਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਉਹ ਪੁਲਿਸ ਦੇ ਹੱਥ ਨਹੀਂ ਆ ਰਿਹਾ ਸੀ। ਪੁਲਿਸ ਵੱਲੋਂ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਸੀ। ਅਖੀਰ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਇਸ ਭਗੌੜੇ ਨੂੰ ਦਬੋਚ ਲਿਆ। ਪੁਲਿਸ ਨੇ ਦੱਸਿਆ ਕਿ ਦੋਸ਼ੀ ਖਿਲਾਫ ਹੁਣ ਪੁਰਾਣੇ ਕੇਸਾਂ ਦੇ ਨਾਲ-ਨਾਲ ਪੈਰੋਲ ਦੀਆਂ ਸ਼ਰਤਾਂ ਤੋੜਨ ਲਈ ‘ਦੀ ਪੰਜਾਬ ਗੁੱਡ ਕੰਡਕਟ ਪਰੀਸ਼ਨਜ਼ ਟੇਮਪ੍ਰੇਰੀ ਰਿਲੀਜ਼ ਐਕਟ 1962 ਦੀ ਧਾਰਾ ਤਹਿਤ ਇਕ ਹੋਰ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੇ ਅਪਰਾਧੀਆਂ ਵਿਰੁੱਧ ਸਖ਼ਤੀ ਜਾਰੀ ਰਹੇਗੀ।