ਮੰਡੀਆਂ ’ਚ ਲੱਗੇ ਕਣਕ ਦੇ ਢ੍ਹੇਰ ,ਪਰ ਕਾਗਜ਼ਾਂ ’ਚ ਪੈ ਗਈ ਖਰੀਦ !

ਸਟਾਫ ਰਿਪੋਰਟਰ,ਪੰਜਾਬੀ ਜਾਗਰਣ, ਫਿਰੋਜ਼ਪੁਰ : ਦਾਣਾ ਮੰਡੀ ਫਿਰੋਜ਼ਪੁਰ ਸ਼ਹਿਰ ਅਤੇ ਨਾਲ ਹੀ ਲੱਗਦੀ ਸਬਜ਼ੀ ਮੰਡੀ ਵਿੱਚ ਕਣਕ ਦੇ ਵੱਡੇ ਢੇਰ ਲੱਗੇ ਹੋਏ ਹਨ ਪਰ ਹੈਰਾਨੀਜਨਕ ਪਹਿਲੂ ਇਹ ਹੈ ਕਿ ਬਿਨ੍ਹਾਂ ਬੋਰੀਆਂ ’ਚ ਭਰੇ ਅਤੇ ਬਿਨ੍ਹਾਂ ਵਜ਼ਨ ਕੀਤੇ ਹੀ ਇਹ ਢੇਰਾਂ ਦੇ ਢੇਰ ਕਣਕ ਕਾਗਜ਼ਾਂ ’ਚ ‘ਪ੍ਰਚੇਜ਼ਡ’ (ਖਰੀਦੀ ਗਈ) ਦਰਸਾਈ ਜਾ ਰਹੀ ਹੈ। ਮੌਕੇ ’ਤੇ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਬਿਨ੍ਹਾਂ ਬੋਰੀਆਂ ’ਚ ਭਰੇ ਹੋਏ ਅਨਾਜ ਦਾ ਵਜ਼ਨ ਦਰਜ ਕੀਤਾ ਜਾ ਰਿਹਾ ਹੈ, ਜੋ ਸਿੱਧਾ ਸਿੱਧਾ ਨਿਯਮਾਂ ਦੀ ਉਲੰਘਣਾ ਹੈ। ਇਸ ਮੌਕੇ ਸੱਭ ਤੋਂ ਜ਼ਿਆਦਾ ਹੈਰਾਨ ਕਰਨ ਵਾਲਾ ਸਵਾਲ ਇਹ ਹੈ ਕਿ ਅਨਾਜ ਬੋਰੀਆਂ ਵਿੱਚ ਭਰਿਆ ਹੀ ਨਹੀਂ , ਤਾਂ ਪੱਕੇ ਬਿੱਲ ਕਿਵੇਂ ਹੋਏ ਤਿਆਰ ਹੋ ਗਏ ? ਇਸ ਤੋਂ ਇਲਾਵਾ ਇੰਸਪੈਕਟਰਾਂ ਨੇ ਇਹ ਬਿੱਲ ਕਿਵੇਂ ਵੈਰੀਫਾਈ ਕਰ ਦਿੱਤੇ ? ਜਦਕਿ ਅਸਲ ਮਾਲ ਅਜੇ ਵੀ ਮੰਡੀਆਂ ਵਿੱਚ ਢੇਰਾਂ ਦੇ ਰੂਪ ਵਿੱਚ ਪਿਆ ਹੈ। ਸੂਤਰਾਂ ਮੁਤਾਬਕ ਇਹ ਕਥਿੱਤ ਖੇਡ ਮਾਰਕੀਟ ਕਮੇਟੀ ਅਤੇ ਖਰੀਦ ਅਜੈਂਸੀਆਂ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੱਲ ਰਹੀ ਹੈ। ਦਫਤਰਾਂ ਵਿੱਚ ਬੈਠ ਕੇ ਕਾਗਜ਼ੀ ਕਾਰਵਾਈ ਪੂਰੀ ਕਰ ਦਿੱਤੀ ਜਾਂਦੀ ਹੈ। ਵਿਭਾਗੀ ਸੂਤਰਾਂ ਦਾ ਦਾਅਵਾ ਹੈ ਕਿ ਜੇਕਰ ਇਸ ਮਾਮਲੇ ਵਿੱਚ ਪੀ ਵੀ (ਫਿਜ਼ੀਕਲ ਵੈਰੀਫਿਕੇਸ਼ਨ) ਹੋਈ, ਤਾਂ ਵੱਡੇ ਪੱਧਰ ’ਤੇ ਘੋਟਾਲਾ ਸਾਹਮਣੇ ਆ ਸਕਦਾ ਹੈ। ਇੰਨ੍ਹਾਂ ਹੀ ਨਹੀਂ ਸਰਕਾਰ ਨੂੰ ਕਰੋੜਾਂ ਰੁਪਏ ਦੀ ਕਸਰ ਪੈਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।ਇਸ ਸਬੰਧੀ ਜਦੋਂ ਜ਼ਿਲ੍ਹਾ ਮੰਡੀ ਅਫਸਰ ਜਸ਼ਨਦੀਪ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਨੇ ਫੋਨ ਤੱਕ ਨਹੀਂ ਚੁੱਕਿਆ, ਜੋ ਆਪਣੇ ਆਪ ਵਿੱਚ ਕਈ ਸਵਾਲ ਖੜ੍ਹੇ ਕਰਦਾ ਹੈ। ਦੂਜੇ ਪਾਸੇ, ਮਾਰਕੀਟ ਕਮੇਟੀ ਫਿਰੋਜ਼ਪੁਰ ਸ਼ਹਿਰ ਦੇ ਚੇਅਰਮੈਨ ਬਲਰਾਜ ਕਟੋਰਾ ਨੇ ਆਖਿਆ ਕਿ ‘‘ ਮੰਡੀ ਵਿਚ ਕਦੇ-ਕਦੇ ਕੰਡਾ ਤਾਂ ਰੂਟੀਨ ਵਿੱਚ ਚੈਕ ਕਰ ਲੈਂਦੇ ਹਾਂ, ਪਰ ਇਹ ਮਾਮਲਾ ਗੰਭੀਰ ਹੈ, ਇਸਦੀ ਜਾਂਚ ਕਰਵਾਈ ਜਾਵੇਗੀ।” ਇਸ ਸਾਰੇ ਮਾਮਲੇ ਨੇ ਮਹਿਕਮਾ ਮਾਰਕੀਟ ਕਮੇਟੀ ਅਤੇ ਖਰੀਦ ਅਜੈਂਸੀਆਂ ਦੀ ਇਸ ਕਾਰਗੁਜਾਰੀ ’ਤੇ ਕਈ ਗੰਭੀਰ ਸਵਾਲ ਚੁੱਕੇ ਹਨ । ਜੇਕਰ ਮੰਡੀਆਂ ਵਿੱਚ ਖੁੱਲ੍ਹੇਆਮ ਇਸ ਤਰ੍ਹਾਂ ਦੀਆਂ ਗੜਬੜਾਂ ਹੋ ਰਹੀਆਂ ਹਨ, ਤਾਂ ਇਹ ਸਿਰਫ਼ ਮਹਿਕਮਾ ਮੰਡੀ ਬੋਰਡ ਦੀ ਪ੍ਰਬੰਧਕੀ ਨਾਕਾਮੀ ਨਹੀਂ, ਸਗੋਂ ਇਕ ਵੱਡੇ ਘੋਟਾਲੇ ਦੀ ਨਿਸ਼ਾਨੀ ਹੈ। ਹੁਣ ਦੇਖਣਾ ਇਹ ਹੈ ਕਿ ਸਰਕਾਰ ਇਸ ਮਾਮਲੇ ’ਚ ਸਖ਼ਤ ਕਾਰਵਾਈ ਕਰਦੀ ਹੈ ਜਾਂ ਫਿਰ ਇਹ ਮਾਮਲਾ ਵੀ ਹੋਰਾਂ ਵਾਂਗ ਫਾਈਲਾਂ ’ਚ ਦੱਬ ਕੇ ਰਹਿ ਜਾਂਦਾ ਹੈ।