ਸੰਗਠਨ ਸਿਰਜਣ ਅਭਿਆਨ ਕਾਂਗਰਸ ਨੂੰ ਦੇਵੇਗਾ ਨਵੀਂ ਤਾਕਤ: ਕੁਲਬੀਰ ਜ਼ੀਰਾ
ਸੰਗਠਨ ਸਿਰਜਣ ਅਭਿਆਨ ਕਾਂਗਰਸ ਨੂੰ ਦੇਵੇਗਾ ਨਵੀਂ ਤਾਕਤ: ਕੁਲਬੀਰ ਜ਼ੀਰਾ
Publish Date: Fri, 01 May 2026 06:26 PM (IST)
Updated Date: Fri, 01 May 2026 06:29 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਹਿਮਾਚਲ ਦੇ ਕਾਂਗੜਾ ਵਿਖੇ ਆਯੋਜਿਤ 10 ਦਿਨਾਂ ਵਿਸ਼ੇਸ਼ ਟ੍ਰੇਨਿੰਗ ਕੈਂਪ ਦਾ ਸ਼ਾਨਦਾਰ ਸਮਾਪਨ ਹੋ ਗਿਆ ਹੈ । ਸਮਾਪਤੀ ਸਮਾਰੋਹ ਦੌਰਾਨ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਪ੍ਰਮੁੱਖ ਨੇਤਾ ਰਾਹੁਲ ਗਾਂਧੀ ਨੇ ਝੰਡਾ ਉਤਾਰਨ ਦੀ ਰਸਮ ਅਦਾ ਕਰਦੇ ਹੋਏ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਏਕਤਾ, ਅਨੁਸ਼ਾਸਨ ਅਤੇ ਸੰਗਠਨਾਤਮਕ ਮਜ਼ਬੂਤੀ ਦਾ ਸੰਦੇਸ਼ ਦਿੱਤਾ। ਇਹ ਕੈਂਪ ਸਿਰਫ਼ ਟ੍ਰੇਨਿੰਗ ਤੱਕ ਸੀਮਿਤ ਨਹੀਂ ਰਿਹਾ, ਸਗੋਂ ਕਾਂਗਰਸ ਦੀ ਭਵਿੱਖੀ ਰਣਨੀਤੀ ਅਤੇ ਲੋਕਾਂ ਨਾਲ ਸਿੱਧੇ ਜੁੜਾਅ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਅਹਿਮ ਕਦਮ ਵਜੋਂ ਵੇਖਿਆ ਗਿਆ।ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਟ੍ਰੇਨਿੰਗ ਕੈਂਪ ਵਿੱਚ ਪੰਜਾਬ ਸਮੇਤ ਕਈ ਸੂਬਿਆਂ ਤੋਂ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਆਗੂ ਸ਼ਾਮਲ ਹੋਏ। ਉਨ੍ਹਾਂ ਟ੍ਰੇਨਿੰਗ ਦੌਰਾਨ ਪਾਰਟੀ ਦੇ ਸੰਗਠਨਕ ਢਾਂਚੇ, ਮੌਜ਼ੂਦਾ ਰਾਜਨੀਤਿਕ ਹਾਲਾਤ ਅਤੇ ਭਵਿੱਖੀ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਅਜਿਹੇ ਕੈਂਪ ਵਰਕਰਾਂ ਅਤੇ ਆਗੂਆਂ ਵਿਚ ਨਵਾਂ ਜੋਸ਼ ਭਰਨ ਦੇ ਨਾਲ-ਨਾਲ ਪਾਰਟੀ ਨੂੰ ਪਿੰਡ ਪੱਧਰ ਤੱਕ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਲੋਕਤੰਤਰ, ਸਮਾਜਿਕ ਨਿਆਂ ਅਤੇ ਆਮ ਲੋਕਾਂ ਦੇ ਹੱਕਾਂ ਲਈ ਡਟ ਕੇ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ “ਸੰਗਠਨ ਸਿਰਜਣ ਅਭਿਆਨ” ਪਾਰਟੀ ਨੂੰ ਨਵੀਂ ਊਰਜਾ ਦੇਵੇਗਾ ਅਤੇ ਵਰਕਰਾਂ ਵਿੱਚ ਨਵਾਂ ਉਤਸ਼ਾਹ ਪੈਦਾ ਕਰੇਗਾ। ਸਮਾਗਮ ਨੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਵਿਚ ਨਵੀਂ ਸੋਚ, ਏਕਤਾ ਅਤੇ ਸੰਗਠਨਕ ਦ੍ਰਿੜਤਾ ਦਾ ਸੰਚਾਰ ਕੀਤਾ, ਜੋ ਆਉਣ ਵਾਲੇ ਸਮੇਂ ਵਿੱਚ ਪਾਰਟੀ ਲਈ ਲਾਭਦਾਇਕ ਸਾਬਤ ਹੋਵੇਗਾ।