‘ਹਨੀ ਟਰੈਪ’ ਕਰਕੇ ਟਰੱਕ ਡਰਾਈਵਰ ਤੋਂ ਖੋਹਿਆ ਮੋਬਾਈਲ ਫੋਨ ਅਤੇ 10 ਹਜ਼ਾਰ ਰੁਪਏ
‘ਹਨੀ ਟਰੈਪ’ ਕਰਕੇ ਟਰੱਕ ਡਰਾਈਵਰ ਤੋਂ ਖੋਹਿਆ ਮੋਬਾਈਲ ਫੋਨ ਅਤੇ 10 ਹਜ਼ਾਰ ਰੁਪਏ
Publish Date: Mon, 20 Apr 2026 06:08 PM (IST)
Updated Date: Mon, 20 Apr 2026 06:09 PM (IST)
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ
ਮਖੂ/ਫਿਰੋਜ਼ਪੁਰ : ਜ਼ਿਲ੍ਹੇ ਦੇ ਕਸਬਾ ਮਖੂ ਵਿਖੇ ਟਰੱਕ ਡਰਾਈਵਰਾਂ ਨੂੰ ‘ਹਨੀ ਟ੍ਰੈਪ’ ਕਰਕੇ ਲੁੱਟਣ ਅਤੇ ਬਲੈਕ ਮੇਲ ਕਰਨ ਵਾਲੇ ਇਕ ਗਿਰੋਹ ਦਾ ਭਾਂਡਾ ਭੰਨਦਿਆਂ ਥਾਣਾ ਮਖੂ ਪੁਲਿਸ ਨੇ ਦੋ ਔਰਤਾ ਸਮੇਤ ਪੰਜ ਜਣਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਮਖੂ ਦੇ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਉਰਫ ਮੱਟੂ ਵਾਸੀ ਜਲਾਲ ਤਹਿਸੀਲ ਰਾਮਪੁਰਾ ਫੂਲ, ਥਾਣਾ ਭਗਤਾ ਭਾਈ ਜ਼ਿਲ੍ਹਾ ਬਠਿੰਡਾ ਨੇ ਅਨੁਸਾਰ 4 ਅਪ੍ਰੈਲ ਨੂੰ ਉਹ ਘੋੜੇ ਟਰਾਲੇ ’ਚ ਸੀਮਿੰਟ ਪਾ ਕੇ ਅੰਮ੍ਰਿਤਸਰ ਛੱਡਣ ਲਈ ਚੱਲਿਆ ਸੀ। ਰਸਤੇ ਵਿਚ ਨਵਦੀਪ ਸਿੰਘ ਉਰਫ ਗਗਨ ਵਾਸੀ ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ, ਪ੍ਰਭਜੀਤ ਸਿੰਘ ਵਾਸੀ ਮਸੀਤਾ ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ, ਪਰਮਜੀਤ ਸਿੰਘ ਉਰਫ ਟੋਨੀ ਵਾਸੀ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ, ਮਨਪ੍ਰੀਤ ਕੌਰ ਵਾਸੀ ਤੇ ਸਰਬਜੀਤ ਕੌਰ ਵਾਸੀ ਮਖੂ ਵੱਲੋਂ ਉਸ ਦਾ ਆਈ ਫੋਨ ਤੇ 10 ਹਜ਼ਾਰ ਰੁਪਏ ਖੋਹ ਕਰ ਲਏ।
ਭਰਾਵਾਂ ਦੇ ਢਾਬੇ ਤੋਂ ਬਿਜਲੀ ਘਰ ਤੱਕ ਦਿੰਦੇ ਸਨ ਵਾਰਦਾਤ ਨੂੰ ਅੰਜਾਮ : ਇੰਸ. ਗੁਰਮੀਤ ਸਿੰਘ
ਥਾਣਾ ਮਖੂ ਦੇ ਐੱਸਐੱਚਓ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੇ ਕੁੱਝ ਦਿਨਾਂ ਤੋਂ ਇਹ ਗਿਰੋਹ ਇਸ ਇਲਾਕੇ ਵਿੱਚ ਸਰਗਰਮ ਸੀ। ਗਿਰੋਹ ਦੀਆਂ ਔਰਤਾਂ ਭਰਾਵਾਂ ਦੇ ਢਾਬੇ ’ਤੇ ਰੋਟੀ ਪਾਣੀ-ਖਾਣ ਲਈ ਖੜ੍ਹੇ ਡਰਾਈਵਰਾਂ ਨੂੰ ਆਪਣੇ ਜਾਲ ’ਚ ਫਸਾ ਕੇ ਉਨ੍ਹਾਂ ਤੋਂ ਲਿਫਟ ਲੈ ਲੈਂਦੀਆਂ ਸਨ। ਇਸ ਦੌਰਾਨ ਉਨ੍ਹਾਂ ਵਿੱਚੋਂ ਇਕ ਔਰਤ ਉਕਤ ਡਰਾਈਵਰ ਦੀ ਵੀਡੀਓ ਬਣਾਉਂਦੀ ਸੀ। ਕੁੱਝ ਦੂਰੀ ’ਤੇ ਮਖੂ ਦੇ ਬਿਜਲੀ ਘਰ ਦੇ ਆਸ-ਪਾਸ ਟਰੱਕ ਤੋਂ ਉਰਤਣ ਦੇ ਬਹਾਨੇ ਨਾਲ ਟਰੱਕ ਰੁਕਵਾਉਂਦੀਆਂ ਸਨ, ਜਿਥੇ ਪਹਿਲੋਂ ਹੀ ਖੜ੍ਹੇ ਉਨ੍ਹਾਂ ਦੇ ਸਾਥੀ ਟਰੱਕ ’ਚ ਚੱੜ੍ਹ ਕੇ ਪਹਿਲੋਂ ਤਾਂ ਬਲੈਕਮੇਲ ਕਰਕੇ ਡਰਾਉਂਦੇ ਤੇ ਫਿਰ ਕੁੱਟਮਾਰ ਕਰਕੇ ਡਰਾਈਵਰ ਨੂੰ ਲੁੱਟ ਲੈਂਦੇ। ਜ਼ਿਆਦਾਤਰ ਡਰਾਈਵਰ ਬਦਨਾਮੀ ਦੇ ਡਰੋਂ ਲੁੱਟੇ ਜਾਣ ਦੇ ਬਾਵਜੂਦ ਕੁੱਝ ਬੋਲਦੇ ਨਹੀਂ ਸਨ।