- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਰਦਾਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕੁਝ ਅਕਾਊਂਟਾਂ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਸਬੰਧੀ ਪੋਸਟਾਂ ਸਾਹਮਣੇ ਆਈਆਂ। ਇਨ੍ਹਾਂ ਪੋਸਟਾਂ ਵਿੱਚ ਕਥਿਤ ਤੌਰ ’ਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਨਾਂ ਵਰਤੇ ਗਏ। ਹਾਲਾਂਕਿ ਪੁਲਿਸ ਅਤੇ ਜਾਂਚ ਏਜੰਸੀਆਂ ਅਜਿਹੇ ਦਾਵਿਆਂ ਦੀ ਸੁਤੰਤਰ ਤਸਦੀਕ ਕਰ ਰਹੀਆਂ ਹਨ ਅਤੇ ਕਿਸੇ ਵੀ ਦਾਅਵੇ ਨੂੰ ਅਧਿਕਾਰਤ ਤੌਰ ’ਤੇ ਸਹੀ ਨਹੀਂ ਮੰਨਿਆ ਗਿਆ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਮੱਖੂ/ਫਿਰੋਜ਼ਪੁਰ: ਮੱਖੂ ਦੇ ਕਰਿਆਨਾ ਵਪਾਰੀ ਗੁਰਚਰਨ ਸਿੰਘ 'ਕਾਲਾ ਗਾਬਾ' ਦੇ ਕਤਲ ਮਾਮਲੇ ਦੀ ਜਾਂਚ ਵਿੱਚ ਜਿੱਥੇ ਪੁਲਿਸ ਨੂੰ ਕਈ ਸੂਬਿਆਂ ਤੱਕ ਫੈਲੇ ਸੁਰਾਗਾਂ ਦਾ ਪਿੱਛਾ ਕਰਨਾ ਪੈ ਰਿਹਾ ਹੈ, ਉੱਥੇ ਸੋਸ਼ਲ ਮੀਡੀਆ ’ਤੇ ਸਰਗਰਮ ਕਥਿਤ ‘ਫੇਸਬੁੱਕੀ ਡਿਟੈਕਟਿਵ’ ਵੀ ਜਾਂਚ ਏਜੰਸੀਆਂ ਲਈ ਨਵੀਂ ਚੁਣੌਤੀ ਬਣਦੇ ਜਾ ਰਹੇ ਹਨ। ਪੁਲਿਸ ਸੂਤਰਾਂ ਅਨੁਸਾਰ ਕੁਝ ਸੋਸ਼ਲ ਮੀਡੀਆ ਪੇਜ ਸੰਚਾਲਕ ਏਆਈ ਅਤੇ ਹੋਰ ਡਿਜੀਟਲ ਸਾਧਨਾਂ ਦੀ ਮਦਦ ਨਾਲ ਕਤਲ ਕਾਂਡ ਨਾਲ ਜੁੜੀ ਅਜਿਹੀ ਸਮੱਗਰੀ ਸਾਂਝੀ ਕਰ ਰਹੇ ਹਨ, ਜਿਸ ਵਿੱਚ ਜਾਂਚ ਦੇ ਸੰਭਾਵਿਤ ਸੁਰਾਗਾਂ, ਸ਼ੱਕੀ ਵਿਅਕਤੀਆਂ ਅਤੇ ਪੁਲਿਸ ਦੀ ਕਾਰਵਾਈ ਸਬੰਧੀ ਦਾਅਵੇ ਕੀਤੇ ਜਾ ਰਹੇ ਹਨ। ਕਈ ਪੋਸਟਾਂ ਵਿੱਚ ਅਪੁਸ਼ਟ ਜਾਣਕਾਰੀ ਨੂੰ ‘ਐਕਸਕਲੂਸਿਵ ਖੁਲਾਸਾ’ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਜਾਂਚ ਨਾਲ ਜੁੜੀ ਜਾਣਕਾਰੀ ਦੇ ਸਮੇਂ ਤੋਂ ਪਹਿਲਾਂ ਜਨਤਕ ਹੋਣ ਨਾਲ ਦੋਸ਼ੀ ਸਾਵਧਾਨ ਹੋ ਸਕਦੇ ਹਨ, ਸਬੂਤ ਨਸ਼ਟ ਕਰ ਸਕਦੇ ਹਨ ਜਾਂ ਆਪਣਾ ਟਿਕਾਣਾ ਬਦਲ ਸਕਦੇ ਹਨ। ਇਸ ਕਾਰਨ ਜਾਂਚ ਦੀ ਦਿਸ਼ਾ ਅਤੇ ਗੁਪਤਤਾ ਦੋਵਾਂ ਪ੍ਰਭਾਵਿਤ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸੂਤਰਾਂ ਮੁਤਾਬਕ ਪੁਲਿਸ ਹੁਣ ਅਜਿਹੇ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਪੇਜਾਂ ਦੀ ਗਤੀਵਿਧੀ ’ਤੇ ਵੀ ਨਜ਼ਰ ਰੱਖ ਰਹੀ ਹੈ।
ਜ਼ਿਕਰਯੋਗ ਹੈ ਕਿ 1 ਜੂਨ ਨੂੰ ਮੱਖੂ ਵਿੱਚ ਆਪਣੀ ਦੁਕਾਨ ’ਤੇ ਬੈਠੇ ਗੁਰਚਰਨ ਸਿੰਘ ‘ਕਾਲਾ ਗਾਬਾ’ ਦਾ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਰੋਸ ਦੀ ਲਹਿਰ ਫੈਲ ਗਈ ਸੀ ਅਤੇ ਵਪਾਰੀਆਂ ਨੇ ਬਾਜ਼ਾਰ ਬੰਦ ਕਰਕੇ ਪ੍ਰਦਰਸ਼ਨ ਵੀ ਕੀਤਾ ਸੀ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੋਇਆ ਹੈ। ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਵਿਸ਼ੇਸ਼ ਟੀਮਾਂ ਦੋਸ਼ੀਆਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ ਅਤੇ ਜਲਦ ਹੀ ਮਾਮਲੇ ਦਾ ਪਰਦਾਫਾਸ਼ ਕੀਤਾ ਜਾਵੇਗਾ।
ਸੋਸ਼ਲ ਮੀਡੀਆ ’ਤੇ ਜ਼ਿੰਮੇਵਾਰੀ ਲੈਣ ਦੇ ਦਾਅਵੇ
ਵਾਰਦਾਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕੁਝ ਅਕਾਊਂਟਾਂ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਸਬੰਧੀ ਪੋਸਟਾਂ ਸਾਹਮਣੇ ਆਈਆਂ। ਇਨ੍ਹਾਂ ਪੋਸਟਾਂ ਵਿੱਚ ਕਥਿਤ ਤੌਰ ’ਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਨਾਂ ਵਰਤੇ ਗਏ। ਹਾਲਾਂਕਿ ਪੁਲਿਸ ਅਤੇ ਜਾਂਚ ਏਜੰਸੀਆਂ ਅਜਿਹੇ ਦਾਵਿਆਂ ਦੀ ਸੁਤੰਤਰ ਤਸਦੀਕ ਕਰ ਰਹੀਆਂ ਹਨ ਅਤੇ ਕਿਸੇ ਵੀ ਦਾਅਵੇ ਨੂੰ ਅਧਿਕਾਰਤ ਤੌਰ ’ਤੇ ਸਹੀ ਨਹੀਂ ਮੰਨਿਆ ਗਿਆ।
ਮੱਖੂ ਕਿਉਂ ਮੰਨਿਆ ਜਾਂਦਾ ਹੈ ਸੰਵੇਦਨਸ਼ੀਲ ਇਲਾਕਾ?
ਫਿਰੋਜ਼ਪੁਰ ਜ਼ਿਲ੍ਹੇ ਦਾ ਕਸਬਾ ਮੱਖੂ ਮਾਝਾ, ਦੋਆਬਾ ਅਤੇ ਸਰਹੱਦੀ ਖੇਤਰਾਂ ਨਾਲ ਭੂਗੋਲਿਕ ਸੰਪਰਕ ਰੱਖਦਾ ਹੈ। ਇਸ ਤੋਂ ਇਲਾਵਾ ਹਰੀਕੇ ਵੈਟਲੈਂਡ ਅਤੇ ਮੰਡ ਇਲਾਕੇ ਦੇ ਨੇੜੇ ਹੋਣ ਕਾਰਨ ਇਹ ਖੇਤਰ ਲੰਮੇ ਸਮੇਂ ਤੋਂ ਸੁਰੱਖਿਆ ਅਤੇ ਅਪਰਾਧਕ ਗਤੀਵਿਧੀਆਂ ਦੇ ਨਜ਼ਰੀਏ ਨਾਲ ਸੰਵੇਦਨਸ਼ੀਲ ਮੰਨਿਆ ਜਾਂਦਾ ਰਿਹਾ ਹੈ। ਪੁਲਿਸ ਸੂਤਰਾਂ ਅਨੁਸਾਰ ਵੱਖ-ਵੱਖ ਸੂਬਿਆਂ ਨੂੰ ਜੋੜਨ ਵਾਲੇ ਰਸਤੇ ਕਾਰਨ ਇਹ ਇਲਾਕਾ ਕਈ ਵਾਰ ਅੰਤਰਰਾਜੀ ਗਿਰੋਹਾਂ ਦੇ ਟਰਾਂਜ਼ਿਟ ਰੂਟ ਵਜੋਂ ਵੀ ਵਰਤਿਆ ਜਾਂਦਾ ਰਿਹਾ ਹੈ।