ਵਿਦਿਆਰਥੀਆਂ ਨੂੰ ਹੀਟ ਵੇਵ ਬਾਰੇ ਦਿੱਤੀ ਜਾਣਕਾਰੀ
ਸਰਕਾਰੀ ਪ੍ਰਾਇਮਰੀ ਸਕੂਲ ਹਜ਼ਾਰਾ ਸਿੰਘ ਵਾਲਾ ਵਿਖੇ ਵਿਦਿਆਰਥੀਆਂ ਨੂੰ ਹੀਟ ਵੇਵ ਬਾਰੇ ਦਿੱਤੀ ਜਾਣਕਾਰੀ
Publish Date: Wed, 22 Apr 2026 07:15 PM (IST)
Updated Date: Wed, 22 Apr 2026 07:19 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਸਿਵਲ ਸਰਜਨ ਫਿਰੋਜ਼ਪੁਰ ਡਾ. ਮੀਨਾਕਸ਼ੀ ਢੀਂਗਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਮਮਦੋਟ ਡਾ. ਰੇਖਾ ਭੱਟੀ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਹਜ਼ਾਰਾ ਸਿੰਘ ਵਾਲਾ ਵਿਖੇ ਵਿਦਿਆਰਥੀਆਂ ਨੂੰ ਹੀਟ ਵੇਵ ਬਾਰੇ ਦੱਸਦਿਆ ਡਾ. ਰੇਖਾ ਭੱਟੀ ਨੇ ਕਿਹਾ ਕਿ ਹੀਟ ਸਟਰੋਕ ਦੇ ਨਾਲ ਫੂਡ ਪਾਇਜ਼ਨਿੰਗ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਸਾਨੂੰ ਵੱਧ ਤੋਂ ਵੱਧ ਤਾਜ਼ੇ ਫਲ ਖਾਣੇ ਚਾਹੀਦੇ ਹਨ, ਬਾਜ਼ਾਰ ਦੇ ਖੁੱਲੇ ਭੋਜਨ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਅਜਿਹੇ ਫਲ ਅਤੇ ਸਬਜ਼ੀਆਂ ਨੂੰ ਭੋਜਨ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ, ਜਿਨ੍ਹਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ। ਉਨ੍ਹਾਂ ਕਿਹਾ ਕਿ ਖੀਰਾ, ਤਰਬੂਜ, ਅੰਬ, ਲੀਚੀ ਅਤੇ ਲੌਕੀ ਇਹ ਸਾਰੀਆਂ ਚੀਜ਼ਾਂ ਗਰਮੀ ਦੇ ਮੌਸਮ ਵਿੱਚ ਲਾਹੇਵੰਦ ਹਨ। ਇਹ ਬੇਹੱਦ ਜ਼ਰੂਰੀ ਹੈ ਕਿ ਅਸੀਂ ਆਪਣੀ ਚਮੜੀ ਨੂੰ ਤੇਜ਼ ਗਰਮੀ ਤੋਂ ਸੁਰੱਖਿਅਤ ਰੱਖੀਏ, ਸੂਰਜ ਦੀਆਂ ਸਿੱਧੀਆਂ ਕਿਰਨਾਂ ਤੋਂ ਆਪਣੇ ਸਰੀਰ ਨੂੰ ਬਚਾਉਣਾ ਬਹੁਤ ਜਰੂਰੀ ਹੈ। ਗਰਮੀ ਦੇ ਇਸ ਮੌਸਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ਆਉਣ ’ਤੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਬਲਾਕ ਐਕਸਟੈਨਸ਼ਨ ਐਜੂਕੇਟਰ ਅਮਨ ਕੰਬੋਜ ਨੇ ਕਿਹਾ ਕਿ ਗਰਮੀ ਵਧਣ ਕਾਰਨ ਲੂ ਲੱਗਣ, ਡਿਹਾਈਡਰੇਸ਼ਨ ਅਤੇ ਸਨ ਸਟ੍ਰੋਕ ਦੇ ਮਾਮਲੇ ਵੱਧ ਰਹੇ ਹਨ। ਲੋਕਾਂ ਨੂੰ ਦਿਨ ਦੇ ਵੱਧ ਗਰਮੀ ਵਾਲੇ ਸਮੇਂ ਵਿੱਚ ਬਾਹਰ ਜਾਣ ਤੋਂ ਬਚਣ, ਛਾਂ ਵਿੱਚ ਰਹਿਣ, ਵੱਧ ਤੋਂ ਵੱਧ ਪਾਣੀ ਪੀਣ ਅਤੇ ਢਿੱਲੇ ਕਪੜੇ ਪਹਿਨਣ ਦੀ ਸਲਾਹ ਦਿੱਤੀ ਗਈ। ਗਰਮੀ ਅਤੇ ਲੂ ਤੋਂ ਬਚਣ ਲਈ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ।