ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ’ਤੇ ‘ਹੈਰੀਟੇਜ ਲੋਕੋ’ ਬਣਿਆ ਖਿੱਚ ਦਾ ਕੇਂਦਰ
ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ’ਤੇ ‘ਹੈਰੀਟੇਜ ਲੋਕੋ’ ਬਣਿਆ ਖਿੱਚ ਦਾ ਕੇਂਦਰ
Publish Date: Sun, 19 Apr 2026 07:16 PM (IST)
Updated Date: Sun, 19 Apr 2026 07:18 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਰੇਲਵੇ ਬੋਰਡ ਦੀਆਂ ਹਦਾਇਤਾਂ ਅਨੁਸਾਰ, ਫਿਰੋਜ਼ਪੁਰ ਮੰਡਲ ਵੱਲੋਂ ਵਿਸ਼ਵ ਵਿਰਾਸਤ ਦਿਵਸ ਨੂੰ ਸਮਰਪਿਤ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧ ਵਿਚ 17 ਅਪ੍ਰੈਲ ਤੋਂ 23 ਅਪ੍ਰੈਲ 2026 ਤੱਕ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਹਨ। ਇਸੇ ਲੜੀ ਤਹਿਤ 18 ਅਪ੍ਰੈਲ 2026 ਨੂੰ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ’ਤੇ ਸਥਾਪਿਤ ਇਤਿਹਾਸਕ ‘ਹੈਰੀਟੇਜ ਲੋਕੋ’ (ਪੁਰਾਣਾ ਰੇਲ ਇੰਜਣ) ਖਿੱਚ ਦਾ ਮੁੱਖ ਕੇਂਦਰ ਰਿਹਾ। ਸਟੇਸ਼ਨ ਕੰਪਲੈਕਸ ਵਿਚ ਸਥਾਪਿਤ ਇਸ ਹੈਰੀਟੇਜ ਲੋਕੋ ਦਾ ਵਿਸ਼ੇਸ਼ ਤੌਰ ’ਤੇ ਸੁੰਦਰੀਕਰਨ ਕੀਤਾ ਗਿਆ ਹੈ। ਇਸ ਨੂੰ ਰਵਾਇਤੀ ਰੂਪ ਵਿਚ ਸਜਾ ਕੇ ਰੇਲਵੇ ਦੇ ਸ਼ਾਨਦਾਰ ਅਤੇ ਗੌਰਵਮਈ ਇਤਿਹਾਸ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਟੇਸ਼ਨ ’ਤੇ ਆਉਣ-ਜਾਣ ਵਾਲੇ ਯਾਤਰੀਆਂ ਲਈ ਇਹ ਇੰਜਣ ਇਕ ਅਦਭੁਤ ਨਜ਼ਾਰਾ ਪੇਸ਼ ਕਰ ਰਿਹਾ ਸੀ, ਜਿਸ ਨੇ ਲੋਕਾਂ ਨੂੰ ਭਾਰਤੀ ਰੇਲ ਦੇ ਪੁਰਾਣੇ ਦੌਰ ਦੀ ਯਾਦ ਦਿਵਾਈ। ਇਸ ਮੌਕੇ ਯਾਤਰੀਆਂ ਦੀ ਸ਼ਮੂਲੀਅਤ ਵਧਾਉਣ ਲਈ ਰੇਲਵੇ ਵਿਭਾਗ ਵੱਲੋਂ ਇਕ ਆਕਰਸ਼ਕ ਸੈਲਫੀ ਪੁਆਇੰਟ ਵੀ ਸਥਾਪਿਤ ਕੀਤਾ ਗਿਆ। ਖਾਸ ਕਰਕੇ ਨੌਜਵਾਨਾਂ ਅਤੇ ਬੱਚਿਆਂ ਵਿੱਚ ਇਸ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਯਾਤਰੀਆਂ ਨੇ ਇਸ ਇਤਿਹਾਸਕ ਇੰਜਣ ਨਾਲ ਸੈਲਫੀਆਂ ਲੈ ਕੇ ਇਸ ਦਿਨ ਨੂੰ ਯਾਦਗਾਰ ਬਣਾਇਆ। ਪ੍ਰੋਗਰਾਮ ਦੌਰਾਨ ਰੇਲਵੇ ਅਧਿਕਾਰੀਆਂ ਵੱਲੋਂ ਯਾਤਰੀਆਂ ਨੂੰ ਹੈਰੀਟੇਜ ਲੋਕੋ ਦੀ ਇਤਿਹਾਸਕ ਮਹੱਤਤਾ ਅਤੇ ਭਾਰਤੀ ਰੇਲਵੇ ਦੀ ਅਮੀਰ ਵਿਰਾਸਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਉਪਰਾਲੇ ਦਾ ਮੁੱਖ ਮਕਸਦ ਆਮ ਜਨਤਾ, ਖਾਸ ਕਰਕੇ ਨਵੀਂ ਪੀੜ੍ਹੀ ਨੂੰ ਆਪਣੀਆਂ ਇਤਿਹਾਸਕ ਸੰਪਤੀਆਂ ਅਤੇ ਰੇਲਵੇ ਦੇ ਵਿਕਾਸ ਸਫ਼ਰ ਤੋਂ ਜਾਣੂ ਕਰਵਾਉਣਾ ਹੈ। ਰੇਲਵੇ ਪ੍ਰਸ਼ਾਸਨ ਦੇ ਇਸ ਕਦਮ ਦੀ ਸਟੇਸ਼ਨ ’ਤੇ ਮੌਜ਼ੂਦ ਯਾਤਰੀਆਂ ਨੇ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹੇ ਪ੍ਰੋਗਰਾਮਾਂ ਨਾਲ ਸਾਨੂੰ ਆਪਣੀ ਵਿਰਾਸਤ ਨੂੰ ਨੇੜਿਓਂ ਦੇਖਣ ਅਤੇ ਸਮਝਣ ਦਾ ਮੌਕਾ ਮਿਲਦਾ ਹੈ। ਫਿਰੋਜ਼ਪੁਰ ਮੰਡਲ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਵਿਰਾਸਤ ਦੀ ਸੰਭਾਲ ਲਈ ਹੋਰ ਕਈ ਪ੍ਰੋਗਰਾਮ ਕਰਵਾਏ ਜਾਣਗੇ।