ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਿਗਰਾਨੀ ਹੇਠ ਗਿਰਦਾਵਰੀ ਅਤੇ ਰਾਹਤ ਦਾ ਕੰਮ ਨਿਰੰਤਰ ਜਾਰੀ
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕਾਰਜ ਅਤੇ ਫਸਲਾਂ ਦੇ ਖਰਾਬੇ ਸਬੰਧੀ ਗਿਰਦਾਵਰੀ ਦਾ ਕੰਮ ਜਾਰੀ ਹੈ। ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਗਿਰਦਾਵਰੀ, ਮਕਾਨਾਂ ਤੇ ਪਸ਼ੂਆਂ ਦੇ ਨੁਕਸਾਨ ਦੇ ਜਾਇਜੇ ਦੌਰਾਨ ਬਾਰੀਕੀ ਨਾਲ ਕੰਮ ਕਰਨ ਤਾਂ ਜੋ ਕਿਸੇ ਦਾ ਨੁਕਸਾਨ ਹੋਇਆ ਹੈ ਉਹ ਰਹਿ ਨਾ ਜਾਏ। ਉਨ੍ਹਾਂ ਕਿਹਾ ਕਿ ਪਿੰਡ ਟੈਂਡੀਵਾਲਾ ਅਤੇ ਬੰਡਾਲਾ ਵਿਖੇ ਵਧੀਕ ਡਿਪਟੀ ਕਮਿਸ਼ਨਰ ਅਤੇ ਵਾਰੀ ਕਲਾਂ ਵਿਖੇ ਸਹਾਇਕ ਕਮਿਸ਼ਨਰ, ਐੱਸਡੀਐੱਮਸ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਕਾਨੂੰਨ ਅਤੇ ਪਟਵਾਰੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਦੇਖਰੇਖ ਵਿੱਚ ਰਾਹਤ ਕਾਰਜ ਅਤੇ ਗਿਰਦਾਵਰੀ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਰੋਸਟਰ ਵਾਈਜ਼ ਵੀ ਲਗਾਈਆਂ ਗਈਆਂ ਹਨ। ਪਿੰਡ ਟੈਂਡੀਵਾਲਾ ਵਿਖੇ ਅੱਜ 10,000 ਮਿੱਟੀ ਦੇ ਗੱਟਿਆਂ ਦੀ ਜ਼ਰੂਰਤ ਸੀ ਜੋ ਕਿ ਮੌਕੇ ’ਤੇ ਮੁਹੱਈਆ ਕਰਵਾਏ ਗਏ ਤਾਂ ਜੋ ਦਰਿਆ ਦੇ ਕਿਨਾਰਿਆਂ ਨੂੰ ਮਜ਼ਬੂਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਮਿੱਟੀ ਦੀਆਂ ਟਰਾਲੀਆਂ, ਲੰਗਰ ਦੀ ਵਿਵਸਥਾ, ਪਾਣੀ ਦੇ ਕੈਂਟਰ ਅਤੇ ਪਾਣੀ ਦੀਆਂ ਬੋਤਲਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪਿੰਡ ਵਿਖੇ ਐੱਨਡੀਆਰਐੱਫ ਤੋਂ ਇਲਾਵਾ 100 ਦੇ ਕਰੀਬ ਲੇਬਰ ਅਤੇ ਮਗਨਰੇਗਾ ਦੇ ਤਹਿਤ ਲੇਬਰ ਨੂੰ ਰਾਹਤ ਕਾਰਜਾਂ ਵਿਚ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਘਰਾਂ ਅਤੇ ਪਸ਼ੂਆਂ ਦੇ ਹੋਏ ਨੁਕਸਾਨ ਸਬੰਧੀ ਵੀ ਸਰਕਾਰ ਦੁਆਰਾ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁਆਵਜਾ ਮੁਹੱਈਆ ਕਰਵਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਪਿੰਡ ਹਜ਼ਾਰਾ ਵਿਖੇ ਰੱਸੀਆਂ ਅਤੇ ਤਾਰਾਂ ਦੀ ਜ਼ਰੂਰਤ ਸੀ ਜੋ ਐੱਨਜੀਓ ਨਾਲ ਰਾਬਤਾ ਕਰਕੇ ਮੁਹੱਈਆ ਕਰਵਾਈਆਂ ਗਈਆਂ। ਪਿੰਡ ਵਾੜਾ ਕਾਲੀ ਰਾਓ ਅਤੇ ਰੁਕਣੇ ਵਾਲਾ ਵਿਖੇ ਵੀ ਪਿੰਡਾਂ ਵਿੱਚੋਂ ਮਜ਼ਦੂਰ, ਆਰਮੀ ਅਤੇ ਮਗਨਰੇਗਾ ਆਧਾਰਤ ਲੇਬਰ ਵੱਲੋਂ ਬੋਰੀਆਂ ਦੇ ਗੱਟੇ ਲਗਾ ਕੇ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਸਤਲੁਜ ਦੇ ਪਾਣੀ ਨਾਲ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਸਿਹਤ ਵਿਭਾਗ ਵੱਲੋਂ ਪਿੰਡ ਮਹਮੂਦ ਵਾਲਾ, ਜੋਗੇਵਾਲਾ, ਟੈਂਡੀਵਾਲਾ, ਰੁਕਣੇਵਾਲਾ ਆਦਿ ਸਮੇਤ ਹੋਰਨਾਂ ਪਿੰਡਾਂ ਵਿਚ ਮੈਡੀਕਲ ਕੈਂਪ ਲਗਾਉਣ ਤੋਂ ਇਲਾਵਾ ਫੋਗਿੰਗ ਵੀ ਕਰਵਾਈ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਮੱਛਰਾਂ ਅਤੇ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਇਆ ਜਾ ਸਕੇ। ਪਿੰਡ ਵਾਸੀਆਂ ਨੂੰ ਸਾਫ ਜਗ੍ਹਾ ਤੇ ਰਹਿਣ ਅਤੇ ਸਾਫ ਪਾਣੀ ਪੀਣ ਲਈ ਪਾਣੀ ਦੀਆਂ ਬੋਤਲਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਕਿਸੇ ਤਰ੍ਹਾਂ ਨਾਲ ਕੋਈ ਬਿਮਾਰ ਨਾ ਹੋਵੇ। ਪਿੰਡ ਵਾਸੀਆਂ ਨੂੰ ਆਪਣੀ ਸਿਹਤ ਸੰਭਾਲ ਦੇ ਲਈ ਸਿਹਤ ਵਿਭਾਗ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ। ਪਿੰਡ ਵਾੜਾ ਕਾਲੀ ਰਾਓ ਵਿਖੇ ਸਹਾਇਕ ਕਮਿਸ਼ਨਰ ਦੀ ਨਿਗਰਾਨੀ ਵਿਚ ਆਰਮੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜਾਲੀ ਅਤੇ ਮਿੱਟੀ ਦੇ ਗੱਟੇ ਪਾ ਕੇ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਨੁਕਸਾਨ ਹੋਣ ਤੋਂ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਜੱਲੋ ਕੇ ਵਿਖੇ ਬੋਟ ਦੀ ਮੰਗ ਸੀ ਜੋ ਕਿ ਮੌਕੇ ਤੇ ਉਪਲੱਬਧ ਕਰਵਾਈ ਗਈ। ਕਿਲਚੇ ਨਿਹਾਲੇ ਵਾਲਾ ਵਿਖੇ ਕਿਸ਼ਤੀ ਦੀ ਸਹਾਇਤਾ ਦੇ ਨਾਲ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ 113 ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਗਿਰਦਾਵਰੀ, ਅਤੇ ਰਾਹਤ ਕਾਰਜਾਂ ਦਾ ਕੰਮ ਨਿਰੰਤਰ ਜਾਰੀ ਹੈ। ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਰਾਹਤ ਕਾਰਜਾਂ ਨੂੰ ਸਮੇਂ ਸੀਮਾਂ ਅਨੁਸਾਰ ਨੇਪਰੇ ਚਾੜ੍ਹਿਆ ਜਾਵੇ।