ਸੁਚੀਪਿੰਡ ਦੇ ਗਤੀ ਸ਼ਕਤੀ ਟਰਮੀਨਲ ’ਤੇ ਪਹੁੰਚੀ ਪਹਿਲੀ ਪੀਓਐੱਲ ਰੇਕ, ਪੈਟਰੋਲੀਅਮ ਉਤਪਾਦਾਂ ਦੀ ਸਪਲਾਈ ਬਣੇਗੀ ਹੋਰ ਸੁਖਾਲੀ
ਇਹ ਵਿਸ਼ੇਸ਼ ਰੇਕ 27 ਫਰਵਰੀ, 2026 ਦੀ ਰਾਤ ਨੂੰ ਸੁਚੀਪਿੰਡ ਸਟੇਸ਼ਨ ’ਤੇ ਪਹੁੰਚੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਰੇਕ ਵਿਚ 50 ਬੀਟੀਪੀਐੱਨ ਵੈਗਨਾਂ ਲੋਡ ਕੀਤੀਆਂ ਹੋਈਆਂ ਸਨ। ਇਹ ਖੇਪ ਹਰਿਆਣਾ ਦੇ ਅਸਾਵਤੀ ਸਥਿਤ ਟਰਮੀਨਲ ਤੋਂ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਵੱਲੋਂ ਭੇਜੀ ਗਈ ਸੀ।
Publish Date: Sat, 28 Feb 2026 04:51 PM (IST)
Updated Date: Sat, 28 Feb 2026 04:53 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਫਿਰੋਜ਼ਪੁਰ ਰੇਲ ਮੰਡਲ ਨੇ ਮਾਲ ਢੋਆ-ਢੁਆਈ ਦੇ ਖੇਤਰ ਵਿਚ ਇਕ ਹੋਰ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਯੋਗ ਅਗਵਾਈ ਹੇਠ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਸੁਚੀਪਿੰਡ ਸਥਿਤ ਗਤੀ ਸ਼ਕਤੀ ਕਾਰਗੋ ਟਰਮੀਨਲ ਵਿਖੇ ਪਹਿਲੀ ਵਾਰ ਪੈਟਰੋਲੀਅਮ ਆਇਲ ਲੁਬਰੀਕੈਂਟ ਦੀ ‘ਇਨਵਰਡ ਰੇਕ’ ਦਾ ਸੰਚਾਲਨ ਕੀਤਾ ਗਿਆ ਹੈ।
ਇਹ ਵਿਸ਼ੇਸ਼ ਰੇਕ 27 ਫਰਵਰੀ, 2026 ਦੀ ਰਾਤ ਨੂੰ ਸੁਚੀਪਿੰਡ ਸਟੇਸ਼ਨ ’ਤੇ ਪਹੁੰਚੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਰੇਕ ਵਿਚ 50 ਬੀਟੀਪੀਐੱਨ ਵੈਗਨਾਂ ਲੋਡ ਕੀਤੀਆਂ ਹੋਈਆਂ ਸਨ। ਇਹ ਖੇਪ ਹਰਿਆਣਾ ਦੇ ਅਸਾਵਤੀ ਸਥਿਤ ਟਰਮੀਨਲ ਤੋਂ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਵੱਲੋਂ ਭੇਜੀ ਗਈ ਸੀ। ਸੁਚੀਪਿੰਡ ਵਿਖੇ ਇਸ ਦਾ ਪਹੁੰਚਣਾ ਖੇਤਰ ਵਿੱਚ ਤੇਲ ਦੀ ਸਪਲਾਈ ਚੇਨ ਨੂੰ ਹੋਰ ਮਜ਼ਬੂਤ ਕਰੇਗਾ।
ਸੀਨੀਅਰ ਮੰਡਲ ਵਪਾਰਕ ਮੈਨੇਜਰ (ਫਰੇਟ) ਮਨੂ ਗਰਗ ਨੇ ਦੱਸਿਆ ਕਿ ਇਸ ਨਵੀਂ ਪ੍ਰਾਪਤੀ ਨਾਲ ਜਿੱਥੇ ਪੈਟਰੋਲੀਅਮ ਪਦਾਰਥਾਂ ਦੀ ਆਮਦ ਵਿਚ ਤੇਜ਼ੀ ਆਵੇਗੀ, ਉੱਥੇ ਹੀ ਰੇਲਵੇ ਦੇ ਮਾਲੀਏ ਵਿਚ ਵੀ ਵੱਡਾ ਵਾਧਾ ਦੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਮੰਡਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਆਪਸੀ ਤਾਲਮੇਲ ਸਦਕਾ ਇਹ ਕਾਰਜ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸਮੇਂ ਸਿਰ ਮੁਕੰਮਲ ਹੋਇਆ ਹੈ। ਫਿਰੋਜ਼ਪੁਰ ਮੰਡਲ ਭਵਿੱਖ ਵਿਚ ਵੀ ਮਾਲ ਢੋਆ-ਢੁਆਈ ਦੇ ਖੇਤਰ ਵਿਚ ਅਜਿਹੀਆਂ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ, ਤਾਂ ਜੋ ਉਦਯੋਗਿਕ ਅਤੇ ਜਨਤਕ ਜ਼ਰੂਰਤਾਂ ਨੂੰ ਬਿਨ੍ਹਾ ਕਿਸੇ ਦੇਰੀ ਦੇ ਪੂਰਾ ਕੀਤਾ ਜਾ ਸਕੇ।