Ferozerpur Crime : 28 ਕਿੱਲੋ ਹੈਰੋਇਨ, ਪਿਸਤੌਲ ਤੇ ਡਰੱਗ ਮਨੀ ਸਮੇਤ ਚਾਰ ਤਸਕਰ ਗ੍ਰਿਫ਼ਤਾਰ, ਕਾਉਂਟਰ ਇੰਟੈਲੀਜੈਂਸ ਮੋਗਾ ਦੀ ਵੱਡੀ ਕਾਰਵਾਈ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬੀਤੇ ਕੁੱਝ ਮਹੀਨਿਆਂ ਦੀ ਸੱਭ ਤੋਂ ਵੱਡੀ ਬਰਾਮਦਮਗੀ ਕਰਦਿਆਂ ਕਾਉਂਟਰ ਇੰਟੈਲੀਜੈਂਸ ਮੋਗਾ ਦੀ ਟੀਮ ਨੇ 28 ਕਿੱਲੋ ਹੈਰੋਇਨ ਇਕ ਪਿਸਟਲ ਅਤੇ ਡਰੱਗ ਮਨੀ ਸਮੇਤ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।
Publish Date: Sat, 23 May 2026 09:28 PM (IST)
Updated Date: Sat, 23 May 2026 09:30 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬੀਤੇ ਕੁੱਝ ਮਹੀਨਿਆਂ ਦੀ ਸੱਭ ਤੋਂ ਵੱਡੀ ਬਰਾਮਦਮਗੀ ਕਰਦਿਆਂ ਕਾਉਂਟਰ ਇੰਟੈਲੀਜੈਂਸ ਮੋਗਾ ਦੀ ਟੀਮ ਨੇ 28 ਕਿੱਲੋ ਹੈਰੋਇਨ ਇਕ ਪਿਸਟਲ ਅਤੇ ਡਰੱਗ ਮਨੀ ਸਮੇਤ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸੂਤਰਾਂ ਮੁਤਾਬਿਕ ਜ਼ਿਲ੍ਹੇ ਦੀ ਤਹਿਸੀਲ ਗੁਰੂਹਰਸਹਾਏ ਦੇ ਪਿੰਡ ਜੌਏ ਸਿੰਘ ਵਾਲਾ ਕੋਲੋਂ ਹੋਈ ਇਸ ਬਰਾਮਦਗੀ ਵਿੱਚ ਇਕ ਬੋਰੀ ਡਰੱਗ ਮਨੀ ਦਾ ਵੀ ਜਿਕਰ ਕੀਤਾ ਜਾ ਰਿਹਾ ਹੈ,ਪਰ ਡਰੱਗ ਮਨੀਂ ਕਿੰਨੀ ਹੈ ਸਬੰਧੀ ਪੁਲਿਸ ਵੱਲੋ ਕੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ।
ਵਿਭਾਗੀ ਸੂਤਰਾਂ ਮੁਤਾਬਿਕ ਕਾਉਂਟਰ ਇੰਟੈਲੀਜੈਂਸ ਮੋਗਾ ਦੀ ਟੀਮ ਨੂੰ ਸੂਹ ਮਿਲੀ ਸੀ ਕਿ ਗੁਰੂਹਰਸਹਾਏ ਦੇ ਸਰਹੱਦੀ ਪਿੰਡਾਂ ਵਿੱਚ ਹੈਰੋਇਨ ਦੀ ਵੱਡੀ ਖੇਪ ਆਉਣ ਦੀ ਸੰਭਾਵਨਾ ਹੈ। ਇਸ ’ਤੇ ਕੰਮ ਕਰਦਿਆਂ ਸੀਆਈ ਮੋਗਾ ਦੀ ਟੀਮ ਨੇ ਸ਼ਨੀਚਰਵਾਰ ਨੂੰ ਜ਼ਿਲ੍ਹੇ ਦੇ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੋਂ ਹਟਵੀਂ ਪਿੰਡ ਜੌਏ ਸਿੰਘ ਵਾਲਾ ਤੋਂ ਬੋਘੀ ਵਾਲਾ ਰੋਡ ’ਤੇ ਟਰੈਪ ਲਗਾ ਕੇ ਚਾਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ । ਪੁਲਿਸ ਵੱਲੋਂ ਕਾਬੂ ਕੀਤੇ ਗਏ ਨਸ਼ਾ ਤਸਕਰਾਂ ਦੀ ਪਛਾਣ ਬਗੀਚਾ ਪੁੱਤਰ ਫੌਜਾ ਸਿੰਘ, ਸਾਜਨ ਪੁੱਤਰ ਬਗੀਚਾ ਸਿੰਘ
ਭੁਪਿੰਦਰ ਪੁੱਤਰ ਅਜੀਤ ਸਿੰਘ, ਵਾਸੀ ਬੋਘੀਵਾਲਾ ,ਥਾਣਾ ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ, ਰਿੰਕੂ ਪੁੱਤਰ ਚੰਦ ਸਿੰਘ ਵਾਸੀ ਲੱਖਾ ਸਿੰਘ ਵਾਲਾ ਹਿਠਾੜ ਥਾਣਾ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ । ਸੀਆਈ ਮੋਗਾ ਦੀ ਟੀਮ ਅਗਲੇਰੀ ਕਾਨੂੰਨੀ ਕਾਰਵਾਈ ਲਈ ਦੋਸ਼ੀਆਂ ਅਤੇ ਬਰਾਮਦ ਸਮਾਨ ਨੂੰ ਆਪਣੇ ਨਾਲ ਲੈ ਗਈ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲੋਂ ਇਸੇ ਤਰਾਂ ਕਾਉਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਟੀਮ ਨੇ 77 ਕਿੱਲੋ ਹੈਰੋਇਨ ਸਮੇਤ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਵੱਲੋਂ ਇਹ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਡਰੋਨ ਜਰੀਏ ਸਰਹੱਦ ਪਾਰੋਂ ਆਈ ਹੈ ਜਾਂ ਗੁਜਰਾਤ ਦੇ ਸਮੁੰਦਰੀ ਰਸਤੇ ਵਾਇਆ ਅਬੋਹਰ ਫਾਜ਼ਿਲਕਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਆਈ ਹੈ। ਇਥੇ ਦੱਸਣਯੋਗ ਹੈ ਕਿ ਵੱਡੀ ਮਾਤਰਾ ਵਿੱਚ ਆਉਂਦੀ ਹੈਰੋਇਨ ਜ਼ਿਆਦਾਤਰ ਵਾਇਆ ਸਮੁੰਦਰ ਹੀ ਆਉਂਦੀ ਰਹੀ ਹੈ। ਸੀਆਈ ਦੇ ਅਧਿਕਾਰੀਆਂ ਮੁਤਾਬਿਕ ਫੜੇ ਗਏ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕ ਤਲਾਸ਼ੇ ਜਾ ਰਹੇ ਹਨ।