ਫਿਰੋਜ਼ਪੁਰ ਨਗਰ ਕੌਂਸਲ ਤੇ ਪੰਚਾਇਤ ਚੋਣਾਂ: ਦੁਪਹਿਰ 12 ਵਜੇ ਤੱਕ 30% ਮਤਦਾਨ; ਜ਼ੀਰਾ ਤੇ ਤਲਵੰਡੀ ਭਾਈ 'ਚ ਵੋਟਰਾਂ ਦਾ ਵਧਿਆ ਉਤਸ਼ਾਹ
ਫਿਰੋਜ਼ਪੁਰ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੋਟਰਾਂ ਵਿੱਚ ਇੱਕ ਵੱਖਰਾ ਹੀ ਉਤਸ਼ਾਹ ਅਤੇ ਸਰਗਰਮੀ ਵੇਖਣ ਨੂੰ ਮਿਲ ਰਹੀ ਹੈ। ਸਥਾਨਕ ਸਰਕਾਰਾਂ ਦੀਆਂ ਇਨ੍ਹਾਂ ਚੋਣਾਂ ਲਈ ਮੰਗਲਵਾਰ ਸਵੇਰੇ 8 ਵਜੇ ਵੋਟਿੰਗ ਦਾ ਕੰਮ ਪੂਰੀ ਤਰ੍ਹਾਂ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਸ਼ੁਰੂ ਹੋਇਆ, ਜੋ ਕਿ ਲਗਾਤਾਰ ਜਾਰੀ ਹੈ। ਦੁਪਹਿਰ 12 ਵਜੇ ਤੱਕ ਮਿਲੇ ਆਂਕੜਿਆਂ ਮੁਤਾਬਿਕ 12 ਵਜੇ ਤੱਕ ਜ਼ਿਲੇ ਅੰਦਰ 30 % ਵੋਟਿੰਗ ਦਰਜ ਕੀਤੀ ਗਈ । ਇਸ ਵਿਚੋਂ ਨਗਰ ਕੌਂਸਲ ਫਿਰੋਜ਼ਪੁਰ ਵਿੱਚ - 28.24%, ਨਗਰ ਪੰਚਾਇਤ ਤਲਵੰਡੀ ਭਾਈ - 32.55%, ਨਗਰ ਕੌਂਸਲ ਜ਼ੀਰਾ - 31.2% ਦਰਜ ਕੀਤੀ ਗਈ ।
Publish Date: Tue, 26 May 2026 01:23 PM (IST)
Updated Date: Tue, 26 May 2026 01:24 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੋਟਰਾਂ ਵਿੱਚ ਇੱਕ ਵੱਖਰਾ ਹੀ ਉਤਸ਼ਾਹ ਅਤੇ ਸਰਗਰਮੀ ਵੇਖਣ ਨੂੰ ਮਿਲ ਰਹੀ ਹੈ। ਸਥਾਨਕ ਸਰਕਾਰਾਂ ਦੀਆਂ ਇਨ੍ਹਾਂ ਚੋਣਾਂ ਲਈ ਮੰਗਲਵਾਰ ਸਵੇਰੇ 8 ਵਜੇ ਵੋਟਿੰਗ ਦਾ ਕੰਮ ਪੂਰੀ ਤਰ੍ਹਾਂ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਸ਼ੁਰੂ ਹੋਇਆ, ਜੋ ਕਿ ਲਗਾਤਾਰ ਜਾਰੀ ਹੈ। ਦੁਪਹਿਰ 12 ਵਜੇ ਤੱਕ ਮਿਲੇ ਆਂਕੜਿਆਂ ਮੁਤਾਬਿਕ 12 ਵਜੇ ਤੱਕ ਜ਼ਿਲੇ ਅੰਦਰ 30 % ਵੋਟਿੰਗ ਦਰਜ ਕੀਤੀ ਗਈ । ਇਸ ਵਿਚੋਂ ਨਗਰ ਕੌਂਸਲ ਫਿਰੋਜ਼ਪੁਰ ਵਿੱਚ - 28.24%, ਨਗਰ ਪੰਚਾਇਤ ਤਲਵੰਡੀ ਭਾਈ - 32.55%, ਨਗਰ ਕੌਂਸਲ ਜ਼ੀਰਾ - 31.2% ਦਰਜ ਕੀਤੀ ਗਈ ।
ਵੋਟਿੰਗ ਪ੍ਰਕਿਰਿਆ ਨੂੰ ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ,ਪਰ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਹੀ ਕਥਿੱਤ ‘ਮਿਸਬਿਹੇਵੀਅਰ’ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਐਸਡੀਐਮ ਫਿਰੋਜ਼ਪੁਰ ਨੂੰ ਲੈ ਕੇ ਚੋਣ ਅਮਲੇ ਵਿਚ ਨਾਰਾਜਗੀ ਵੇਖਣ ਨੂੰ ਮਿਲ ਰਹੀ ਹੈ। ਹਰ ਪੋਲਿੰਗ ਬੂਥ 'ਤੇ ਸੁਰੱਖਿਆ ਦੇ ਸਖ਼ਤ ਪਹਿਰੇ ਲਗਾਏ ਗਏ ਹਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਚੋਣਾਂ ਦੌਰਾਨ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਨਜ਼ਰ ਆਇਆ ਹੈ। ਸਵੇਰ ਤੋਂ ਹੀ ਵੋਟਰ ਅਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪੋਲਿੰਗ ਸਟੇਸ਼ਨਾਂ ਦੇ ਬਾਹਰ ਲੰਮੀਆਂ ਕਤਾਰਾਂ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ। ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ, ਸਾਰੇ ਹੀ ਸ਼ਹਿਰ ਦੇ ਵਿਕਾਸ ਲਈ ਵੱਧ-ਚੜ੍ਹ ਕੇ ਵੋਟ ਪਾਉਣ ਪਹੁੰਚ ਰਹੇ ਹਨ। ਜੇਕਰ ਵੋਟਿੰਗ ਦੀ ਰਫ਼ਤਾਰ ਦੀ ਗੱਲ ਕੀਤੀ ਜਾਵੇ, ਤਾਂ ਸ਼ੁਰੂਆਤੀ ਘੰਟਿਆਂ ਵਿੱਚ ਵੋਟਿੰਗ ਕੁਝ ਹੌਲੀ ਸੀ, ਪਰ ਦਿਨ ਚੜ੍ਹਨ ਦੇ ਨਾਲ ਹੀ ਇਸ ਵਿੱਚ ਤੇਜ਼ੀ ਆਈ। ਪ੍ਰਸ਼ਾਸਨ ਵੱਲੋਂ ਮਿਲੇ ਅਧਿਕਾਰਤ ਅੰਕੜਿਆਂ ਮੁਤਾਬਕ, ਸਵੇਰੇ 12 ਵਜੇ ਤੱਕ ਤਕਰੀਬਨ 30 ਫ਼ੀਸਦੀ ਦੇ ਲਗਭਗ ਵੋਟਿੰਗ ਹੋ ਚੁੱਕੀ ਸੀ। ਉਮੀਦ ਜਤਾਈ ਜਾ ਰਹੀ ਹੈ ਕਿ ਦੁਪਹਿਰ ਤੋਂ ਬਾਅਦ ਵੋਟਰਾਂ ਦੀ ਗਿਣਤੀ ਵਿੱਚ ਹੋਰ ਵੀ ਵਾਧਾ ਹੋਵੇਗਾ।
ਚੋਣ ਮੈਦਾਨ ਵਿੱਚ ਉੱਤਰੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਅਤੇ ਆਜ਼ਾਦ ਉਮੀਦਵਾਰਾਂ ਦੀ ਕਿਸਮਤ ਬੈਲੇਟ ਬਕਸਿਆਂ ਵਿੱਚ ਬੰਦ ਹੋ ਜਾਵੇਗੀ। ਸ਼ਹਿਰ ਦੇ ਵਿਕਾਸ, ਸਾਫ਼-ਸਫ਼ਾਈ, ਸੜਕਾਂ ਅਤੇ ਹੋਰ ਸਥਾਨਕ ਮੁੱਦਿਆਂ ਨੂੰ ਮੁੱਖ ਰੱਖ ਕੇ ਲੋਕ ਅਪਣੀ ਸਰਕਾਰ ਚੁਣ ਰਹੇ ਹਨ। ਚੋਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਵੋਟ ਬਕਸਿਆਂ ਨੂੰ ਸਖ਼ਤ ਸੁਰੱਖਿਆ ਹੇਠ ਸਟ੍ਰਾਂਗ ਰੂਮ ਵਿੱਚ ਰੱਖਿਆ ਜਾਵੇਗਾ। ਇਨ੍ਹਾਂ ਨਗਰ ਕੌਂਸਲ ਚੋਣਾਂ ਦਾ ਨਤੀਜਾ 29 ਮਈ ਨੂੰ ਐਲਾਨਿਆ ਜਾਵੇਗਾ, ਜਿਸ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਫਿਲਹਾਲ, ਫਿਰੋਜ਼ਪੁਰ ਦੇ ਸਾਰੇ ਵਾਰਡਾਂ ਵਿੱਚ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ ਅਤੇ ਵੋਟਰ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਸ਼ਾਂਤੀਪੂਰਵਕ ਅਪਣੀ ਵੋਟ ਪਾ ਰਹੇ ਹਨ।