ਫਿਰੋਜ਼ਪੁਰ: ਡਾਕਟਰ ਨਾਲ 86 ਲੱਖ ਦੀ ਵੱਡੀ ਠੱਗੀ, ਫਰਮ ਦੇ ਭਾਈਵਾਲ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ
ਡਾ. ਦਿਉੜਾ ਦੀ ‘ਰਾਧਿਕਾ ਫਾਰਮਾਸਿਊਟੀਕਲਸ’ ਨਾਮ ਦੀ ਇਕ ਫਰਮ ਹੈ, ਜਿਸ ਦੇ ਕੰਮ-ਕਾਰ ਦੀ ਦੇਖਭਾਲ ਦੀ ਜ਼ਿੰਮੇਵਾਰੀ ਉਨ੍ਹਾਂ ਨੇ ਰਾਜਨ ਵਰਮਾ ਵਾਸੀ ਗਲੀ ਬਾਬਾ ਲਾਲ ਦਿਆਲ ਨੂੰ ਸੌਂਪੀ ਸੀ।
Publish Date: Sun, 12 Apr 2026 12:43 PM (IST)
Updated Date: Sun, 12 Apr 2026 12:45 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਫਿਰੋਜ਼ਪੁਰ ਵਿਖੇ ਇਕ ਡਾਕਟਰ ਨਾਲ ਲੱਖਾਂ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਇਕ ਵਿਅਕਤੀ ਖਿਲਾਫ 420, 406 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਕਟਰ ਪ੍ਰਦੀਪ ਦਿਉੜਾ ਵਾਸੀ ਰਾਮ ਲਾਲ ਨਗਰ, ਮੱਲਵਾਲ ਰੋਡ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਡਾ. ਦਿਉੜਾ ਦੀ ‘ਰਾਧਿਕਾ ਫਾਰਮਾਸਿਊਟੀਕਲਸ’ ਨਾਮ ਦੀ ਇਕ ਫਰਮ ਹੈ, ਜਿਸ ਦੇ ਕੰਮ-ਕਾਰ ਦੀ ਦੇਖਭਾਲ ਦੀ ਜ਼ਿੰਮੇਵਾਰੀ ਉਨ੍ਹਾਂ ਨੇ ਰਾਜਨ ਵਰਮਾ ਵਾਸੀ ਗਲੀ ਬਾਬਾ ਲਾਲ ਦਿਆਲ ਨੂੰ ਸੌਂਪੀ ਸੀ। ਦੋਵਾਂ ਵਿਚਾਲੇ ਤੈਅ ਹੋਇਆ ਸੀ ਕਿ ਕਾਰੋਬਾਰ ਤੋਂ ਹੋਣ ਵਾਲਾ ਮੁਨਾਫਾ 50-50 ਪ੍ਰਤੀਸ਼ਤ ਦੇ ਹਿਸਾਬ ਨਾਲ ਵੰਡਿਆ ਜਾਵੇਗਾ। ਕਰੀਬ 6 ਮਹੀਨਿਆਂ ਬਾਅਦ ਜਦੋਂ ਫਰਮ ਦੇ ਖਾਤਿਆਂ ਦੀ ਜਾਂਚ ਕੀਤੀ ਗਈ, ਤਾਂ ਪਤਾ ਲੱਗਾ ਕਿ ਰਾਜਨ ਵਰਮਾ ਨੇ ਹਿਸਾਬ-ਕਿਤਾਬ ਵਿਚ ਹੇਰਾਫੇਰੀ ਕਰਕੇ ਉਸ ਨਾਲ 86,70,318 ਰੁਪਏ ਦੀ ਵੱਡੀ ਠੱਗੀ ਮਾਰੀ ਹੈ। ਇਸ ਸ਼ਿਕਾਇਤ ਦੀ ਪੜਤਾਲ ਉਪ ਕਪਤਾਨ ਪੁਲਿਸ (ਡੀ) ਫਿਰੋਜ਼ਪੁਰ ਵੱਲੋਂ ਕੀਤੀ ਗਈ। ਐੱਸਐੱਸਪੀ ਫਿਰੋਜ਼ਪੁਰ ਦੀ ਮਨਜ਼ੂਰੀ ਤੋਂ ਬਾਅਦ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਮੁਲਜ਼ਮ ਰਾਜਨ ਵਰਮਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਗੁਰਮੀਤ ਸਿੰਘ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।