- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਡਲ ਵੱਲੋਂ ਚਲਾਈ ਜਾ ਰਹੀ ਮੁਹਿੰਮ ਦਾ ਉਦੇਸ਼ ਉਦਯੋਗਾਂ ਅਤੇ ਸਰਕਾਰੀ ਅਦਾਰਿਆਂ ਨੂੰ ਰੇਲਵੇ ਦੀਆਂ ਮਾਲ ਢੋਆ-ਢੁਆਈ ਸੇਵਾਵਾਂ ਨਾਲ ਵੱਧ ਤੋਂ ਵੱਧ ਜੋੜਨਾ ਹੈ। ਇਸ ਤਹਿਤ ਬੀਡੀਯੂ ਟੀਮ ਨੇ ਚੰਡੀਗੜ੍ਹ ਸਥਿਤ ਐੱਫਸੀਆਈ ਦੇ ਖੇਤਰੀ ਦਫ਼ਤਰ ਦਾ ਦੌਰਾ ਕੀਤਾ, ਜਿੱਥੇ ਐੱਫਸੀਆਈ ਦੀ ਜਨਰਲ ਮੈਨੇਜਰ ਨੀਤਿਕਾ ਪਵਾਰ ਨਾਲ ਮੀਟਿੰਗ ਹੋਈ।

ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਰੇਲਵੇ ਦੇ ਮਾਲ ਭਾੜਾ ਕਾਰੋਬਾਰ ਨੂੰ ਹੁਲਾਰਾ ਦੇਣ ਅਤੇ ਪ੍ਰਮੁੱਖ ਗਾਹਕਾਂ ਨਾਲ ਤਾਲਮੇਲ ਮਜ਼ਬੂਤ ਕਰਨ ਲਈ ਫਿਰੋਜ਼ਪੁਰ ਮੰਡਲ ਨੇ ਅਹਿਮ ਕਦਮ ਚੁੱਕਿਆ ਹੈ। ਇਸ ਤਹਿਤ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ (ਬੀਡੀਯੂ) ਨੇ ਚੰਡੀਗੜ੍ਹ ਵਿਖੇ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਅਤੇ ਕੇਂਦਰੀ ਭੰਡਾਰਣ ਨਿਗਮ (ਸੀਡਬਲਿਊਸੀ) ਦੇ ਸੀਨੀਅਰ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗਾਂ ਕਰਕੇ ਮਾਲ ਢੋਆ-ਢੁਆਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ।
ਮੰਡਲ ਵੱਲੋਂ ਚਲਾਈ ਜਾ ਰਹੀ ਮੁਹਿੰਮ ਦਾ ਉਦੇਸ਼ ਉਦਯੋਗਾਂ ਅਤੇ ਸਰਕਾਰੀ ਅਦਾਰਿਆਂ ਨੂੰ ਰੇਲਵੇ ਦੀਆਂ ਮਾਲ ਢੋਆ-ਢੁਆਈ ਸੇਵਾਵਾਂ ਨਾਲ ਵੱਧ ਤੋਂ ਵੱਧ ਜੋੜਨਾ ਹੈ। ਇਸ ਤਹਿਤ ਬੀਡੀਯੂ ਟੀਮ ਨੇ ਚੰਡੀਗੜ੍ਹ ਸਥਿਤ ਐੱਫਸੀਆਈ ਦੇ ਖੇਤਰੀ ਦਫ਼ਤਰ ਦਾ ਦੌਰਾ ਕੀਤਾ, ਜਿੱਥੇ ਐੱਫਸੀਆਈ ਦੀ ਜਨਰਲ ਮੈਨੇਜਰ ਨੀਤਿਕਾ ਪਵਾਰ ਨਾਲ ਮੀਟਿੰਗ ਹੋਈ। ਰੇਲਵੇ ਵੱਲੋਂ ਸੀਨੀਅਰ ਮੰਡਲ ਸੰਚਾਲਨ ਪ੍ਰਬੰਧਕ ਗੁਰਸ਼ਰਨ ਪਾਠਕ ਅਤੇ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਹਿੱਸਾ ਲਿਆ।
ਮੀਟਿੰਗ ਦੌਰਾਨ ਰੇਲਵੇ ਵੱਲੋਂ ਦਿੱਤੀਆਂ ਜਾ ਰਹੀਆਂ ਮਾਲ ਢੋਆ-ਢੁਆਈ ਸਹੂਲਤਾਂ, ਸਮੇਂ ਸਿਰ ਰੇਕਾਂ ਦੀ ਉਪਲਬੱਧਤਾ, ਲੋਡਿੰਗ ਅਤੇ ਅਨਲੋਡਿੰਗ ਪ੍ਰਬੰਧਾਂ ਅਤੇ ਆਵਾਜਾਈ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਦੇ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਅਧਿਕਾਰੀਆਂ ਨੇ ਮਾਲ ਦੀ ਢੋਆ-ਢੁਆਈ ਨੂੰ ਤੇਜ਼, ਸੁਰੱਖਿਅਤ ਅਤੇ ਕਿਫਾਇਤੀ ਬਣਾਉਣ ਦੇ ਤਰੀਕਿਆਂ ’ਤੇ ਵੀ ਵਿਚਾਰ ਸਾਂਝੇ ਕੀਤੇ।
ਇਸੇ ਤਰ੍ਹਾਂ ਕੇਂਦਰੀ ਭੰਡਾਰਣ ਨਿਗਮ ਦੇ ਜਨਰਲ ਮੈਨੇਜਰ ਨਵੀਨ ਕੁਮਾਰ ਨਾਲ ਵੀ ਉੱਚ ਪੱਧਰੀ ਬੈਠਕ ਕੀਤੀ ਗਈ। ਬੈਠਕ ਦੌਰਾਨ ਭਵਿੱਖ ਵਿੱਚ ਫਰੇਟ ਟਰੈਫਿਕ ਵਧਾਉਣ, ਲੌਜਿਸਟਿਕਸ ਲਾਗਤ ਘਟਾਉਣ ਅਤੇ ਮਾਲ ਆਵਾਜਾਈ ਵਿੱਚ ਰੇਲਵੇ ਦੀ ਹਿੱਸੇਦਾਰੀ ਵਧਾਉਣ ਸਬੰਧੀ ਸੰਭਾਵਨਾਵਾਂ ’ਤੇ ਵਿਚਾਰ ਕੀਤਾ ਗਿਆ।
ਫਿਰੋਜ਼ਪੁਰ ਮੰਡਲ ਦੇ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਕਿਹਾ ਕਿ ਰੇਲਵੇ ਆਪਣੇ ਗਾਹਕਾਂ ਨੂੰ ਸੁਰੱਖਿਅਤ, ਭਰੋਸੇਯੋਗ ਅਤੇ ਵਾਤਾਵਰਣ ਪੱਖੀ ਆਵਾਜਾਈ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਐੱਫਸੀਆਈ ਅਤੇ ਕੇਂਦਰੀ ਭੰਡਾਰਣ ਨਿਗਮ ਵਰਗੀਆਂ ਸੰਸਥਾਵਾਂ ਨਾਲ ਤਾਲਮੇਲ ਮਜ਼ਬੂਤ ਹੋਣ ਨਾਲ ਨਾ ਸਿਰਫ਼ ਰੇਲਵੇ ਦੇ ਮਾਲ ਭਾੜਾ ਕਾਰੋਬਾਰ ਨੂੰ ਹੁਲਾਰਾ ਮਿਲੇਗਾ, ਸਗੋਂ ਸਰਕਾਰੀ ਅਦਾਰਿਆਂ ਨੂੰ ਵੀ ਮਾਲ ਦੀ ਢੋਆ-ਢੁਆਈ ਵਿੱਚ ਵਧੀਆ ਅਤੇ ਕਿਫਾਇਤੀ ਵਿਕਲਪ ਉਪਲਬਧ ਹੋਣਗੇ।