ਅੱਜ ਫਿਰੋਜ਼ਸ਼ਾਹ ਟੋਲ ਪਲਾਜ਼ਾ ਕੀਤਾ ਜਾਵੇਗਾ ਪਰਚੀ ਮੁਕਤ
ਅੱਜ ਫਿਰੋਜ਼ਸ਼ਾਹ ਟੋਲ ਪਲਾਜ਼ਾ ਕੀਤਾ ਜਾਵੇਗਾ ਪਰਚੀ ਮੁਕਤ
Publish Date: Mon, 11 May 2026 05:01 PM (IST)
Updated Date: Mon, 11 May 2026 05:03 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਭਾਰਤੀ ਕਿਸਾਨ ਏਕਤਾ (ਮਝੈਲ) ਵੱਲੋਂ ਅੱਜ ਮਿਤੀ 11 ਨੂੰ ਫਿਰੋਜ਼ਪੁਰ ਦੇ ਫਿਰੋਜ਼ਸ਼ਾਹ ਟੋਲ ਪਲਾਜ਼ਾ ’ਤੇ ਵੱਡੇ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਹੈ। ਜ਼ਿਲ੍ਹਾ ਲੀਡਰਸ਼ਿਪ ਨੇ ਐਲਾਨ ਕੀਤਾ ਹੈ ਕਿ ਅੱਜ ਠੀਕ 10.30 ਵਜੇ ਟੋਲ ਪਲਾਜ਼ਾ ਨੂੰ ਮੁਕੰਮਲ ਤੌਰ ’ਤੇ ‘ਪਰਚੀ ਮੁਕਤ’ ਕਰ ਦਿੱਤਾ ਜਾਵੇਗਾ। ਜਥੇਬੰਦੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਫੈਸਲਾ ਕਿਸਾਨੀ ਮੰਗਾਂ ਦੀ ਅਣਦੇਖੀ ਦੇ ਵਿਰੋਧ ਵਿਚ ਲਿਆ ਗਿਆ ਹੈ। ਸਾਰੇ ਬਲਾਕ ਪ੍ਰਧਾਨਾਂ, ਇਕਾਈ ਪ੍ਰਧਾਨਾਂ ਅਤੇ ਪਿੰਡਾਂ ਦੀ ਸਾਧ-ਸੰਗਤ ਨੂੰ ਇਸ ਸੰਘਰਸ਼ ਵਿਚ ਭੂਮਿਕਾ ਨਿਭਾਉਣ ਲਈ ਲਾਮਬੰਦ ਕੀਤਾ ਗਿਆ ਹੈ। ਖ਼ਰਾਬ ਮੌਸਮ ਦੇ ਬਾਵਜੂਦ, ਜਥੇਬੰਦੀ ਦੇ ਹੌਂਸਲੇ ਬੁਲੰਦ ਹਨ ਅਤੇ ਇਸ ਨੂੰ ਇੱਕ ਇਮਤਿਹਾਨ ਵਜੋਂ ਦੇਖਿਆ ਜਾ ਰਿਹਾ ਹੈ। ਭਾਰਤੀ ਕਿਸਾਨ ਏਕਤਾ (ਮਝੈਲ) ਦੀ ਜ਼ਿਲ੍ਹਾ ਟੀਮ ਨੇ ਦੱਸਿਆ ਕਿ ਅੱਜ ਫਿਰੋਜ਼ਸ਼ਾਹ ਟੋਲ ਪਲਾਜ਼ਾ ਨੂੰ ਆਮ ਜਨਤਾ ਲਈ ਮੁਫ਼ਤ ਕਰਨ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਅੱਜ ਦਾ ਦਿਨ ਕਿਸਾਨੀ ਜਜ਼ਬੇ ਦੀ ਪਰਖ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਮੌਸਮ ਵਿਚ ਆਈ ਤਬਦੀਲੀ ਅਤੇ ਮੀਂਹ-ਕਣੀ ਜੁਝਾਰੂ ਸਿੰਘਾਂ ਦੇ ਹੌਸਲਿਆਂ ਨੂੰ ਪਸਤ ਨਹੀਂ ਕਰ ਸਕਦੀ। ਜਥੇਬੰਦੀ ਨੇ ਆਪਣੇ ਵਰਕਰਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਅੱਜ ਕੁਦਰਤ ਵੀ ਮਝੈਲ ਜਥੇਬੰਦੀ ਦਾ ਇਮਤਿਹਾਨ ਲੈ ਰਹੀ ਹੈ ਕਿ ਕੀ ਸਾਡੇ ਯੋਧੇ ਮੀਂਹ ਜਾਂ ਹਨੇਰੀ ਤੋਂ ਡਰ ਕੇ ਪਿੱਛੇ ਹਟ ਜਾਣਗੇ? ਪਰ ਅਸੀਂ ਇਹ ਸਾਬਤ ਕਰਨਾ ਹੈ ਕਿ ਹੱਕਾਂ ਦੀ ਲੜਾਈ ਲਈ ਅਸੀਂ ਹਰ ਮੌਸਮ ਅਤੇ ਹਰ ਮੁਸੀਬਤ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਸਾਰੇ ਇਕਾਈ ਅਤੇ ਬਲਾਕ ਪ੍ਰਧਾਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪੋ-ਆਪਣੇ ਖੇਤਰਾਂ ਵਿੱਚੋਂ ਵੱਧ ਤੋਂ ਵੱਧ ਗਿਣਤੀ ਵਿਚ ਕਿਸਾਨਾਂ ਅਤੇ ਨੌਜਵਾਨਾਂ ਨੂੰ ਨਾਲ ਲੈ ਕੇ ਠੀਕ ਸਾਢੇ ਦਸ ਵਜੇ ਫਿਰੋਜ਼ਸ਼ਾਹ ਟੋਲ ਪਲਾਜ਼ਾ ਵਿਖੇ ਇਕੱਠੇ ਹੋਣ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਟੋਲ ਫਰੀ ਕਰਨ ਦਾ ਮਕਸਦ ਪ੍ਰਸ਼ਾਸਨ ਅਤੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਕਿਸਾਨਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਅਜਿਹੇ ਤਿੱਖੇ ਸੰਘਰਸ਼ ਜਾਰੀ ਰਹਿਣਗੇ।