ਮੁੱਦਕੀ ’ਚ ਨਸ਼ਾ ਤਸਕਰ ਦਾ ‘ਗੈਰ-ਕਾਨੂੰਨੀ’ ਘਰ ਢਾਹਿਆ
ਮੁੱਦਕੀ ਵਿਚ ਨਸ਼ਾ ਤਸਕਰ ਦਾ ‘ਗੈਰ-ਕਾਨੂੰਨੀ’ ਘਰ ਢਾਹਿਆ
Publish Date: Sat, 25 Apr 2026 07:15 PM (IST)
Updated Date: Sat, 25 Apr 2026 07:19 PM (IST)
ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ
ਮੁੱਦਕੀ : ਪੰਜਾਬ ਵਿੱਚ ਨਾਜਾਇਜ਼ ਕਬਜ਼ਿਆਂ ਅਤੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਮੁੱਦਕੀ ਦੇ ਗਿੱਲ ਰੋਡ ’ਤੇ ਸਥਿਤ ਨਗਰ ਪੰਚਾਇਤ ਦੀ ਕੀਮਤੀ ਜ਼ਮੀਨ ਨੂੰ ਮੁਕਤ ਕਰਵਾਇਆ ਹੈ। ਇਹ ਕਾਰਵਾਈ ਸਿਰਫ਼ ਇਕ ਕਬਜ਼ਾ ਹਟਾਉਣ ਤੱਕ ਸੀਮਤ ਨਹੀਂ ਸੀ, ਸਗੋਂ ਇਹ ਸਮਾਜ ਵਿਰੋਧੀ ਅਨਸਰਾਂ ਲਈ ਇਕ ਸਖ਼ਤ ਸੰਦੇਸ਼ ਵੀ ਹੈ ਕਿ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ। ਇਸ ਮੌਕੇ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਸੀ। ਅੱਜ ਨਗਰ ਪੰਚਾਇਤ ਮੁੱਦਕੀ ਦੀ ਜਗ੍ਹਾ ’ਤੇ ਬਣਾਏ ਗਏ ਇਕ ਘਰ ਨੂੰ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਢਾਹ ਦਿੱਤਾ। ਇਸ ਕਾਰਵਾਈ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।
ਇਸ ਮੌਕੇ ਡਿਊਟੀ ਮੈਜਿਸਟ੍ਰੇਟ ਵਜੋਂ ਵਿਨੋਦ ਕੁਮਾਰ ਨਾਇਬ ਤਹਿਸੀਲਦਾਰ, ਤਲਵੰਡੀ ਭਾਈ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਦੇ ਨਾਲ ਨਗਰ ਪੰਚਾਇਤ ਮੁੱਦਕੀ ਦੇ ਕਾਰਜਸਾਧਕ ਅਫ਼ਸਰ ਜਗਦੀਸ਼ ਰਾਏ ਗਰਗ ਅਤੇ ਨਗਰ ਪੰਚਾਇਤ ਦਾ ਸਮੁੱਚਾ ਸਟਾਫ ਮੌਜੂਦ ਸੀ। ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਐੱਸਪੀਡੀ ਮਨਜੀਤ ਸਿੰਘ ਅਤੇ ਕਰਨ ਸ਼ਰਮਾ ਡੀਐੱਸਪੀ ਫਿਰੋਜ਼ਪੁਰ ਦਿਹਾਤੀ ਨੇ ਖ਼ੁਦ ਮੌਕੇ ’ਤੇ ਕਮਾਂਡ ਸੰਭਾਲੀ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਨੇ ਇਲਾਕੇ ਨੂੰ ਘੇਰੇ ਵਿਚ ਲਿਆ ਹੋਇਆ ਸੀ। ਐੱਸਪੀਡੀ ਮਨਜੀਤ ਸਿੰਘ ਅਤੇ ਈਓ ਜਗਦੀਸ਼ ਰਾਏ ਗਰਗ ਨੇ ਦੱਸਿਆ ਕਿ ਇਹ ਘਰ ਪ੍ਰੇਮ ਸਿੰਘ ਉਰਫ ਬੱਗੀ ਪੁੱਤਰ ਗੁਰਨਾਮ ਸਿੰਘ ਵਾਰਡ ਨੰਬਰ 5 ਮੁੱਦਕੀ ਦਾ ਸੀ। ਉਸ ਨੇ ਨਗਰ ਪੰਚਾਇਤ ਦੀ ਲਗਭਗ 4 ਮਰਲੇ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰ ਕੇ ਇਮਾਰਤ ਖੜ੍ਹੀ ਕੀਤੀ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਨਗਰ ਪੰਚਾਇਤ ਵੱਲੋਂ ਪ੍ਰੇਮ ਸਿੰਘ ਨੂੰ ਕਈ ਵਾਰ ਲਿਖਤੀ ਨੋਟਿਸ ਭੇਜੇ ਗਏ ਸਨ ਅਤੇ ਜ਼ਮੀਨ ਖਾਲੀ ਕਰਨ ਦੀ ਹਦਾਇਤ ਦਿੱਤੀ ਗਈ ਸੀ। ਪਰ ਉਸ ਨੇ ਪ੍ਰਸ਼ਾਸਨਿਕ ਹਦਾਇਤਾਂ ਨੂੰ ਟਿੱਚ ਜਾਣਿਆ ਅਤੇ ਕਿਸੇ ਵੀ ਨੋਟਿਸ ਦਾ ਜਵਾਬ ਨਹੀਂ ਦਿੱਤਾ। ਡੀਸੀ ਫਿਰੋਜ਼ਪੁਰ ਦੇ ਹੁਕਮਾਂ ਅਨੁਸਾਰ ਪੁਲਿਸ ਪ੍ਰੋਟੈਕਸ਼ਨ ਤਹਿਤ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ। ਇਸ ਕਾਰਵਾਈ ਦਾ ਇਕ ਹੋਰ ਅਹਿਮ ਪਹਿਲੂ ਇਹ ਹੈ ਕਿ ਪ੍ਰੇਮ ਸਿੰਘ ਉਰਫ ਬੱਗੀ ਪੁਲਿਸ ਰਿਕਾਰਡ ਅਨੁਸਾਰ ਇਕ ਕਥਿਤ ਨਸ਼ਾ ਤਸਕਰ ਹੈ। ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਉਸ ’ਤੇ ਪਹਿਲਾਂ ਹੀ ਨਸ਼ਾ ਤਸਕਰੀ ਦੇ ਕਰੀਬ 4 ਅਪਰਾਧਿਕ ਮਾਮਲੇ ਦਰਜ ਹਨ। ਇਸ ਮੌਕੇ ਇੰਸਪੈਕਟਰ ਗੁਰਪ੍ਰੀਤ ਸਿੰਘ ਐੱਸਐੱਚਓ ਘੱਲ ਖੁਰਦ ਅਤੇ ਵੱਖ-ਵੱਖ ਥਾਣਿਆਂ ਦੀਆਂ ਪੁਲਿਸ ਟੀਮਾਂ ਤਾਇਨਾਤ ਸਨ। ਪ੍ਰਸ਼ਾਸਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਨਾਜਾਇਜ਼ ਕਬਜ਼ਿਆਂ ’ਤੇ ਇਸੇ ਤਰ੍ਹਾਂ ਦੀ ਸਖ਼ਤ ਕਾਰਵਾਈ ਜਾਰੀ ਰਹੇਗੀ।