ਨਸ਼ਿਆਂ ਖ਼ਿਲਾਫ਼ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਦਾ ਪ੍ਰੇਰਣਾਦਾਇਕ ਸੰਦੇਸ਼, ਰਾਣਾ ਸੋਢੀ ਦੇ ਨਿਵਾਸ 'ਤੇ ਇਕ ਘੰਟਾ ਠਹਿਰੇ
Rana Sodhi ਨੇ ਕਿਹਾ ਕਿ ਸਰਦਾਰ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਮਾਨਯੋਗ ਰਾਜਪਾਲ ਦੀ ਅਗਵਾਈ 'ਚ ਕੱਢੀ ਗਈ 'ਪਦਯਾਤਰਾ' 'ਚ ਸ਼ਾਮਲ ਹੋਣਾ ਇਕ ਇਤਿਹਾਸਕ ਪਹਿਲ ਹੈ, ਜਿਸ ਨਾਲ ਪੂਰੇ ਫਿਰੋਜ਼ਪੁਰ ਸਮੇਤ ਸੂਬਾ ਵਾਸੀਆਂ ਦਾ ਮਨੋਬਲ ਵਧਿਆ ਹੈ।
Publish Date: Tue, 10 Feb 2026 05:00 PM (IST)
Updated Date: Tue, 10 Feb 2026 05:09 PM (IST)
ਸੰਵਾਦ ਸਹਿਯੋਗੀ, ਜਾਗਰਣ ਫਿਰੋਜ਼ਪੁਰ : ਡੇਰਾ ਬਿਆਸ ਦੇ ਮੁਖੀ ਅਤੇ ਸਮਾਜ ਸੁਧਾਰਕ ਗੁਰਿੰਦਰ ਸਿੰਘ ਢਿੱਲੋਂ ਨੇ ਮੰਗਲਵਾਰ ਨੂੰ ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਅਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿਵਾਸ 'ਤੇ ਪਹੁੰਚ ਕੇ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਵਿਚਾਲੇ ਲਗਪਗ ਇਕ ਘੰਟੇ ਤਕ ਸਮਾਜਿਕ, ਧਾਰਮਿਕ ਅਤੇ ਸਮਕਾਲੀ ਮੁੱਦਿਆਂ 'ਤੇ ਸਾਰਥਕ ਵਿਚਾਰ-ਵਟਾਂਦਰਾ ਹੋਇਆ। ਰਾਣਾ ਗੁਰਮੀਤ ਸਿੰਘ ਸੋਢੀ ਨੇ ਆਪਣੇ ਨਿਵਾਸ 'ਤੇ ਪਹੁੰਚਣ 'ਤੇ ਗੁਰਿੰਦਰ ਸਿੰਘ ਢਿੱਲੋਂ ਦਾ ਗਰਮਜੋਸ਼ੀ ਨਾਲ ਨਿੱਘਾ ਸਵਾਗਤ ਕੀਤਾ।
ਮੁਲਾਕਾਤ ਦੌਰਾਨ ਵਿਸ਼ੇਸ਼ ਤੌਰ 'ਤੇ ਸੂਬੇ 'ਚ ਨਸ਼ਿਆਂ ਦੇ ਵਧਦੇ ਖ਼ਤਰੇ ਅਤੇ ਉਸ ਨਾਲ ਨਜਿੱਠਣ ਲਈ ਸਮਾਜ ਦੀ ਭੂਮਿਕਾ 'ਤੇ ਚਰਚਾ ਹੋਈ। ਰਾਣਾ ਸੋਢੀ ਨੇ ਕਿਹਾ ਕਿ ਸਰਦਾਰ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਮਾਨਯੋਗ ਰਾਜਪਾਲ ਦੀ ਅਗਵਾਈ 'ਚ ਕੱਢੀ ਗਈ 'ਪਦਯਾਤਰਾ' 'ਚ ਸ਼ਾਮਲ ਹੋਣਾ ਇਕ ਇਤਿਹਾਸਕ ਪਹਿਲ ਹੈ, ਜਿਸ ਨਾਲ ਪੂਰੇ ਫਿਰੋਜ਼ਪੁਰ ਸਮੇਤ ਸੂਬਾ ਵਾਸੀਆਂ ਦਾ ਮਨੋਬਲ ਵਧਿਆ ਹੈ।
ਉਨ੍ਹਾਂ ਕਿਹਾ ਕਿ ਬਾਬਾ ਗੁਰਿੰਦਰ ਸਿੰਘ ਜੀ ਨੇ ਪੈਦਲ ਚੱਲ ਕੇ ਆਪਣੀ ਸੰਗਤ ਅਤੇ ਆਮ ਜਨਤਾ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦਾ ਜੋ ਸੰਦੇਸ਼ ਦਿੱਤਾ ਹੈ, ਉਹ ਬਹੁਤ ਪ੍ਰੇਰਨਾਦਾਇਕ ਹੈ। ਇੰਨੀ ਵੱਡੀ ਅਧਿਆਤਮਕ ਸ਼ਖ਼ਸੀਅਤ ਦਾ ਖ਼ੁਦ ਅੱਗੇ ਆ ਕੇ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਬਣਨਾ ਸਮਾਜ ਲਈ ਮਜ਼ਬੂਤ ਸੰਦੇਸ਼ ਹੈ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਨਸ਼ੇ ਵਰਗੀ ਸਮਾਜਿਕ ਬੁਰਾਈ ਖ਼ਿਲਾਫ਼ ਹੁਣ ਪੂਰਾ ਸਮਾਜ ਇਕਜੁੱਟ ਹੋ ਰਿਹਾ ਹੈ।
ਤਬਦੀਲੀ ਨਿਸ਼ਚਿਤ ਹੈ : ਰਾਣਾ ਸੋਢੀ
ਰਾਣਾ ਸੋਢੀ ਨੇ ਵਿਸ਼ਵਾਸ ਜਤਾਇਆ ਕਿ ਅਜਿਹੇ ਯਤਨਾਂ ਨਾਲ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਦਿਸ਼ਾ ਵਿਚ ਠੋਸ ਕਦਮ ਵਧਣਗੇ। ਉਨ੍ਹਾਂ ਕਿਹਾ ਕਿ ਜਦੋਂ ਧਰਮ, ਸਮਾਜ ਅਤੇ ਪ੍ਰਸ਼ਾਸਨ ਮਿਲ ਕੇ ਕਿਸੇ ਬੁਰਾਈ ਵਿਰੁੱਧ ਖੜ੍ਹੇ ਹੁੰਦੇ ਹਨ ਤਾਂ ਤਬਦੀਲੀ ਨਿਸ਼ਚਿਤ ਹੁੰਦੀ ਹੈ।