ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਤੇ ਫੈਸੀਲੀਟੇਟਰਜ਼ ਯੂਨੀਅਨ ਨੇ ਸੌਂਪਿਆ ਮੰਗ ਪੱਤਰ
ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਤੇ ਫੈਸੀਲੀਟੇਟਰਜ਼ ਯੂਨੀਅਨ ਵੱਲੋਂ ਸਿਵਲ ਸਰਜਨ ਫਿਰੋਜ਼ਪੁਰ ਨੂੰ ਮੰਗ ਪੱਤਰ
Publish Date: Fri, 22 May 2026 04:09 PM (IST)
Updated Date: Fri, 22 May 2026 04:10 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰਜ਼ ਯੂਨੀਅਨ ਫਿਰੋਜ਼ਪੁਰ ਵੱਲੋਂ ਆਪਣੀਆਂ ਹੱਕੀ ਅਤੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਫਿਰੋਜ਼ਪੁਰ ਨੂੰ ਇਕ ਵਿਸ਼ੇਸ਼ ਮੰਗ ਪੱਤਰ ਸੌਂਪਿਆ ਗਿਆ। ਜਥੇਬੰਦੀ ਦੇ ਆਗੂਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਸਾਰਥਿਕ ਹੱਲ ਤੁਰੰਤ ਨਾ ਕੱਢਿਆ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ। ਫਿਰੋਜ਼ਪੁਰ ਵਿਖੇ ਯੂਨੀਅਨ ਦੇ ਆਗੂਆਂ ਕੈਲਾਸ਼ ਕੌਰ, ਕੁਲਵਿੰਦਰ ਕੌਰ, ਸੁਰਜੀਤ ਕੌਰ, ਪਰਮਜੀਤ ਕੌਰ ਅਤੇ ਹੋਰਨਾਂ ਦੀ ਅਗਵਾਈ ਵਿਚ ਇਕੱਠੇ ਹੋਏ ਵਰਕਰਾਂ ਨੇ ਸਿਹਤ ਵਿਭਾਗ ਦੇ ਨਕਾਰਾਤਮਕ ਰਵੱਈਏ ਖ਼ਿਲਾਫ਼ ਰੋਸ ਪ੍ਰਗਟਾਇਆ। ਸਿਵਲ ਸਰਜਨ ਨੂੰ ਦਿੱਤੇ ਗਏ ਮੰਗ ਪੱਤਰ ਰਾਹੀਂ ਜਥੇਬੰਦੀ ਨੇ ਮੁੱਖ ਤੌਰ ’ਤੇ ਅੱਠ ਅਹਿਮ ਮੰਗਾਂ ਨੂੰ ਪ੍ਰਸ਼ਾਸਨ ਦੇ ਸਾਹਮਣੇ ਰੱਖਿਆ ਹੈ ਤੇ ਇਨ੍ਹਾਂ ਦੇ ਜਲਦ ਨਿਪਟਾਰੇ ਦੀ ਅਪੀਲ ਕੀਤੀ ਹੈ। ਯੂਨੀਅਨ ਦੀ ਮੁੱਖ ਮੰਗ ਹੈ ਕਿ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਦੀਆਂ ਰੁਕੀਆਂ ਹੋਈਆਂ ਤਨਖਾਹਾਂ ਅਤੇ ਮਾਣਭੱਤਾ ਤੁਰੰਤ ਜਾਰੀ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਵਰਕਰਾਂ ਤੋਂ ਸਿਰਫ਼ ਉਨ੍ਹਾਂ ਦੀ ਬਣਦੀ ਆਫ਼ੀਸ਼ੀਅਲ ਡਿਊਟੀ ਹੀ ਲਈ ਜਾਵੇ ਅਤੇ ਵੈਕਸੀਨ ਲਿਆਉਣ ਤੇ ਛੱਡਣ ਦੀ ਚੱਲ ਰਹੀ ਗੈਰ-ਕਾਨੂੰਨੀ ਪ੍ਰਥਾ ਨੂੰ ਤੁਰੰਤ ਬੰਦ ਕੀਤਾ ਜਾਵੇ। ਸਿਹਤ ਬੀਮਾ ਯੋਜਨਾ ਅਧੀਨ ਬਣਾਏ ਗਏ ਕਾਰਡਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਸਾਫ਼ ਚਿਤਾਵਨੀ ਦਿੱਤੀ ਕਿ ਜੇਕਰ ਵਰਕਰਾਂ ਦੇ ਬਕਾਏ ਦਾ ਭੁਗਤਾਨ ਨਾ ਹੋਇਆ, ਤਾਂ ਅਗਲੇ ਕਾਰਡਾਂ ਦਾ ਕੰਮ ਮੁਕੰਮਲ ਤੌਰ ’ਤੇ ਠੱਪ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਏਐੱਨਐੱਮ ਦੀਆਂ ਖਾਲੀ ਅਸਾਮੀਆਂ ਕਾਰਨ ਵਰਕਰਾਂ ਦੀਆਂ ਤਨਖਾਹਾਂ ਵਿਚ ਹੋ ਰਹੀ ਦੇਰੀ ਨੂੰ ਰੋਕਣ ਲਈ ਬਦਲਵਾਂ ਪ੍ਰਬੰਧ ਕਰਨ ਅਤੇ ਆਸ਼ਾ ਵਰਕਰਾਂ ਤੇ ਫੈਸੀਲੀਟੇਟਰਾਂ ਦੀਆਂ ਖਾਲੀ ਪਈਆਂ ਸਾਰੀਆਂ ਅਸਾਮੀਆਂ ਨੂੰ ਤੁਰੰਤ ਭਰਨ ਦੀ ਮੰਗ ਕੀਤੀ ਗਈ। ਯੂਨੀਅਨ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਵਿਭਾਗ ਵੱਲੋਂ ਵਰਕਰਾਂ ਨੂੰ ਨਿੱਜੀ ਆਈਡੀ ਜਾਰੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਕੋਈ ਵੀ ਕੰਮ ਆਨਲਾਈਨ ਨਹੀਂ ਕੀਤਾ ਜਾਵੇਗਾ, ਕਿਉਂਕਿ ਲੰਬੇ ਸਮੇਂ ਤੋਂ ਵਰਕਰ ਦੂਸਰਿਆਂ ਦੀ ਆਈਡੀ ’ਤੇ ਕੰਮ ਕਰਕੇ ਆਪਣੇ ਮਾਣ-ਸਨਮਾਨ ਤੋਂ ਵਾਂਝੀਆਂ ਰਹਿ ਰਹੀਆਂ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਕਿਸੇ ਵੀ ਸਕੀਮ ਦੇ ਨਾਂ ’ਤੇ ਵਰਕਰਾਂ ਨਾਲ ਹੁੰਦੀ ਧੱਕੇਸ਼ਾਹੀ ਨੂੰ ਤੁਰੰਤ ਬੰਦ ਕੀਤਾ ਜਾਵੇ। ਇਸ ਮੌਕੇ ਬਿਮਲਾ ਰਾਣੀ, ਕਾਂਤੋ ਰਾਣੀ, ਪਾਲੋ, ਰੇਸ਼ਮਾ ਬਾਈ ਅਤੇ ਬਲਜੀਤ ਕੌਰ ਸਣੇ ਵੱਡੀ ਗਿਣਤੀ ਵਿੱਚ ਆਸ਼ਾ ਵਰਕਰ ਹਾਜ਼ਰ ਸਨ।