ਦਾਸ ਐਂਡ ਬ੍ਰਾਊਨ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਦੇ ਨਤੀਜਿਆਂ ਵਿਚ ਮਾਰੀਆਂ ਮੱਲਾਂ
ਦਾਸ ਐਂਡ ਬ੍ਰਾਊਨ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਦੇ ਨਤੀਜਿਆਂ ਵਿਚ ਮਾਰੀਆਂ ਮੱਲਾਂ
Publish Date: Wed, 13 May 2026 07:12 PM (IST)
Updated Date: Wed, 13 May 2026 07:15 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ: ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ (ਸੀਬੀਐੱਸਈ) ਦੀ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਦੇ ਵਿਦਿਆਰਥੀਆਂ ਦਾ ਇੱਕ ਵਾਰ ਫਿਰ ਦਬਦਬਾ ਰਿਹਾ ਹੈ। ਸਕੂਲ ਦੀ ਮੈਡੀਕਲ ਸਟਰੀਮ ਦੀ ਵਿਦਿਆਰਥਣ ਪਲਕ ਨੇ 97 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਸ ਪ੍ਰੀਖਿਆ ਵਿਚ ਸਕੂਲ ਦੇ ਕੁੱਲ 371 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਪ੍ਰਿੰਸੀਪਲ ਡਾ. ਰੁਚੀ ਪਾਂਡੇ ਨੇ ਦੱਸਿਆ ਕਿ ਮੈਡੀਕਲ ਸਟਰੀਮ ਵਿਚ ਪਲਕ ਨੇ 97 ਫੀਸਦੀ ਅੰਕਾਂ ਨਾਲ ਸਕੂਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਹਿਊਮੈਨਿਟੀਜ਼ ਦੀ ਰਾਜਦੀਪ ਕੌਰ ਨੇ 96.6 ਫੀਸਦੀ ਅੰਕਾਂ ਨਾਲ ਸਕੂਲ ਵਿਚ ਦੂਜਾ ਅਤੇ ਮੈਡੀਕਲ ਸਟਰੀਮ ਦੀ ਐਸ਼ਪ੍ਰੀਤ ਕੌਰ ਨੇ 94.8 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਪਲਕ ਨੇ ਦੱਸਿਆ ਕਿ ਉਹ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ। ਉਸਦੇ ਪਿਤਾ ਆਜੇਸ਼ ਸਿੰਗਲਾ ਪੇਸ਼ੇ ਤੋਂ ਬਿਜ਼ਨੈਸਮੈਨ ਹਨ, ਮਾਤਾ ਪੂਨਮ ਘਰੇਲੂ ਸੁਆਣੀ ਹਨ ਅਤੇ ਭਰਾ ਪਰਾਸ਼ੂ ਸਿੰਗਲਾ ਬੀ.ਟੈਕ ਕਰ ਰਿਹਾ ਹੈ। ਪਲਕ ਨੇ ਦੱਸਿਆ ਕਿ ਬਚਪਨ ਤੋਂ ਹੀ ਉਸ ਦਾ ਸ਼ੌਕ ਡਾਕਟਰ ਬਣਨਾ ਸੀ ਅਤੇ ਉਸੇ ਸੁਪਨੇ ਨੂੰ ਪੂਰਾ ਕਰਨ ਲਈ ਉਹ ਸਖ਼ਤ ਮਿਹਨਤ ਕਰ ਰਹੀ ਹੈ। ਪ੍ਰੀਖਿਆ ਦੇ ਦਿਨਾਂ ਦੌਰਾਨ ਸਵੇਰੇ 4 ਵਜੇ ਉੱਠ ਕੇ ਪੜ੍ਹਨਾ ਅਤੇ ਰੋਜ਼ਾਨਾ 10 ਘੰਟੇ ਕਿਤਾਬਾਂ ਵਿਚ ਜੁਟੇ ਰਹਿਣਾ ਉਸਦੀ ਦਿਨਚਰਿਆ ਸੀ। ਉਸਨੇ ਆਪਣੀ ਸਫਲਤਾ ਦਾ ਸਿਹਰਾ ਸਕੂਲ ਦੇ ਅਧਿਆਪਕਾਂ ਨੂੰ ਦਿੱਤਾ ਹੈ। ਦੂਜੇ ਪਾਸੇ ਰਾਜਦੀਪ ਕੌਰ ਨਿਆਇਕ ਸੇਵਾਵਾਂ ਵਿਚ ਆਪਣਾ ਭਵਿੱਖ ਬਣਾਉਣਾ ਚਾਹੁੰਦੀ ਹੈ। ਪਿੰਡ ਭੜਾਣਾ ਦੀ ਰਹਿਣ ਵਾਲੀ ਰਾਜਦੀਪ ਦੇ ਪਿਤਾ ਗੁਰਪ੍ਰੀਤ ਸਿੰਘ ਕਿਸਾਨ ਹਨ ਅਤੇ ਮਾਤਾ ਦਲਜੀਤ ਕੌਰ ਹੋਮ ਮੇਕਰ ਹਨ। ਰਾਜਦੀਪ ਨੇ ਦੱਸਿਆ ਕਿ ਉਸਨੇ ਐੱਨਸੀਈਆਰਟੀ ਦੀਆਂ ਕਿਤਾਬਾਂ ਨੂੰ ਜ਼ਿਆਦਾ ਪੜ੍ਹਿਆ ਹੈ। ਉਸਨੇ ਦੱਸਿਆ ਕਿ ਜਦੋਂ ਉਹ ਤੀਜੀ ਜਮਾਤ ਵਿਚ ਪੜ੍ਹਦੀ ਸੀ, ਉਦੋਂ ਹੀ ਉਸਨੇ ਮਨ ਵਿੱਚ ਸੰਕਲਪ ਲੈ ਲਿਆ ਸੀ ਕਿ ਉਹ ਜੱਜ ਬਣੇਗੀ। ਸਕੂਲ ਅਧਿਆਪਕਾਂ ਨੇ ਦੱਸਿਆ ਕਿ ਨਾਨ-ਮੈਡੀਕਲ ਸਟਰੀਮ ’ਚ ਮਨਤਾਜਬੀਰ ਸਿੰਘ 95.8 ਪ੍ਰਤੀਸ਼ਤ, ਕੁਨਾਲ ਬਾਂਸਲ 93.6 ਪ੍ਰਤੀਸ਼ਤ, ਸੁਬਨੀਤ ਕੌਰ 92.4 ਪ੍ਰਤੀਸ਼ਤ ਨੇ ਹਾਸਲ ਕੀਤੇ। ਮੈਡੀਕਲ ਸਟਰੀਮ ਵਿਚ ਪਲਕ 97 ਪ੍ਰਤੀਸ਼ਤ, ਐਸ਼ਪ੍ਰੀਤ ਕੌਰ 94.8 ਪ੍ਰਤੀਸ਼ਤ, ਸੁਹਿਰਦ ਕੌਰ 93.4 ਪ੍ਰਤੀਸ਼ਤ ਹਾਸਲ ਕੀਤੇ। ਹਿਊਮੈਨਿਟੀਜ਼ ਸਟਰੀਮ ਵਿਚ ਰਾਜਦੀਪ ਕੌਰ 96.6 ਪ੍ਰਤੀਸ਼ਤ, ਗੁਰਨੂਰ ਕੌਰ 94 ਪ੍ਰਤੀਸ਼ਤ, ਕਵਿਸ਼ ਚਾਵਲਾ ਅਤੇ ਸਕਸ਼ਮ ਮੰਗਲ 93.6 ਪ੍ਰਤੀਸ਼ਤ ਅੰਕ ਹਾਸਲ ਕੀਤੇ। ਕਾਮਰਸ ਗਰੁੱਪ ਵਿਚ ਲਕਸ਼ ਗਰਗ 96.4 ਪ੍ਰਤੀਸ਼ਤ, ਸਕਸ਼ਮ ਮੋਂਗਾ 96 ਪ੍ਰਤੀਸ਼ਤ, ਜੀਵਜੋਤ ਸਿੰਘ ਸਾਹਨੀ 94.6 ਪ੍ਰਤੀਸ਼ਤ ਅੰਕ ਹਾਸਲ ਕੀਤੇ। ਫਾਈਨੈਂਸ਼ੀਅਲ ਮਾਰਕੀਟ ਮੈਨੇਜਮੈਂਟ ’ਚ ਮਯੰਕ ਗੁਪਤਾ 95 ਪ੍ਰਤੀਸ਼ਤ, ਹਿਮਾਂਸ਼ੂ ਗਰੋਵਰ 88.6 ਪ੍ਰਤੀਸ਼ਤ, ਕੇਸ਼ਵ ਸ਼ਰਮਾ 82.6 ਪ੍ਰਤੀਸ਼ਤ ਅੰਕ ਹਾਸਲ ਕੀਤੇ। ਬੈਂਕਿੰਗ ਅਤੇ ਇੰਸ਼ੋਰੈਂਸ ਵਿਚ ਸਰਗੁਣ ਕੌਰ 93.6 ਪ੍ਰਤੀਸ਼ਤ, ਗੁਰਵੀਰ ਕੌਰ 93.2 ਪ੍ਰਤੀਸ਼ਤ ਅਤੇ ਹਰਸਿਰਤ ਕੌਰ 90.8 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ। ਪ੍ਰਿੰਸੀਪਲ ਡਾ. ਰੁਚੀ ਪਾਂਡੇ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ। ਹੈੱਡ ਡੀਜੇਸੀ ਅਜੈ ਮਿੱਤਲ ਨੇ ਕਿਹਾ ਕਿ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ ਅਤੇ ਇਸ ਦਾ ਸਿਹਰਾ ਮਿਹਨਤੀ ਅਧਿਆਪਕਾਂ ਨੂੰ ਜਾਂਦਾ ਹੈ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ।