ਨਾਮਜ਼ਦਗੀ ਪੱਤਰ ਭਰਨ ਦੌਰਾਨ ਕਾਂਗਰਸੀ ਆਗੂ ’ਤੇ ਹਮਲਾ
ਨਾਮਜ਼ਦਗੀ ਪੱਤਰ ਭਰਨ ਦੌਰਾਨ ਕਾਂਗਰਸੀ ਆਗੂ ’ਤੇ ਹਮਲਾ
Publish Date: Sat, 16 May 2026 07:11 PM (IST)
Updated Date: Sat, 16 May 2026 07:12 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਤਲਵੰਡੀ ਭਾਈ ਵਿਖੇ ਉਸ ਵੇਲੇ ਸਿਆਸੀ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ, ਜਦੋਂ ਵਾਰਡ ਨੰਬਰ 8 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਕੁਲਦੀਪ ਕੌਰ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਗਏ ਕਾਂਗਰਸੀ ਆਗੂ ਅਮਰਪ੍ਰੀਤ ਸਿੰਘ ਆਸ਼ੂ ਬੰਗੜ ਅਤੇ ਉਨ੍ਹਾਂ ਦੇ ਵਰਕਰਾਂ ’ਤੇ ਵਿਰੋਧੀਆਂ ਵੱਲੋਂ ਕਥਿਤ ਤੌਰ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿਚ ਆਸ਼ੂ ਬੰਗੜ ਅਤੇ ਉਨ੍ਹਾਂ ਦੇ ਸਾਥੀ ਤੇ ਇਕ ਮਹਿਲਾ ਦੇ ਵੀ ਸੱਟਾਂ ਲੱਗੀਆਂ ਹਨ। ਘਟਨਾ ਤੋਂ ਨਾਰਾਜ਼ ਕਾਂਗਰਸੀਆਂ ਨੇ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਸੜਕ ’ਤੇ ਧਰਨਾ ਦੇ ਕੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਅਮਰਪ੍ਰੀਤ ਸਿੰਘ ਆਸ਼ੂ ਬੰਗੜ ਨੇ ਦੋਸ਼ ਲਾਇਆ ਕਿ ਗੁਰਪ੍ਰੀਤ ਸਿੰਘ ਸੇਖੋਂ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਚੋਣ ਮੈਦਾਨ ਵਿੱਚੋਂ ਹਟਣ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਬੰਗੜ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਰਫ਼ ਦੋ ਸੀਟਾਂ ’ਤੇ ਸਮਝੌਤਾ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਉਸ ਨੂੰ ਧਮਕਾਇਆ ਗਿਆ ਕਿ ਜਾਂ ਤਾਂ ਦੋ ਸੀਟਾਂ ਲੈ ਲਵੋ ਜਾਂ ਫਿਰ ਮਰਨ ਲਈ ਤਿਆਰ ਰਹੋ, ਪਰ ਉਸ ਨੇ ਸਾਫ਼ ਕਹਿ ਦਿੱਤਾ ਕਿ ਉਹ ਮਰਨਾ ਮਨਜ਼ੂਰ ਕਰਾਂਗਾ ਪਰ ਲੋਕਾਂ ਨਾਲ ਗੱਦਾਰੀ ਕਰਕੇ ਪਿੱਛੇ ਨਹੀਂ ਹਟਾਂਗਾ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਵਿਰੋਧੀਆਂ ਦੀਆਂ ਧਮਕੀਆਂ ਅੱਗੇ ਅਕਾਲੀ ਦਲ ਨੇ ਤਾਂ ਗੋਡੇ ਟੇਕ ਦਿੱਤੇ ਹੋਣਗੇ, ਪਰ ਕਾਂਗਰਸ ਪਾਰਟੀ ਦੇ ਵਰਕਰ ਇਨ੍ਹਾਂ ਧੱਕੇਸ਼ਾਹੀਆਂ ਅੱਗੇ ਕਦੇ ਨਹੀਂ ਝੁਕਣਗੇ। ਬੰਗੜ ਨੇ ਅੱਗੇ ਦੱਸਿਆ ਕਿ ਬੀਤੇ ਦਿਨ ਵੀ ਪੁਲਿਸ ਅਧਿਕਾਰੀਦੀ ਮੌਜੂਦਗੀ ਦੇ ਬਾਵਜੂਦ, ਵਿਰੋਧੀਆਂ ਨੇ ਸਾਡੀ ਮਹਿਲਾ ਜ਼ਿਲ੍ਹਾ ਪ੍ਰਧਾਨ ਦੇ ਘਰ ਗੱਡੀਆਂ ਭੇਜ ਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਅਤੇ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਜਦੋਂ ਉਹ ਆਪਣੇ ਵਰਕਰਾਂ ਨਾਲ ਗੱਡੀਆਂ ਵਿੱਚੋਂ ਉਤਰ ਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਅੱਗੇ ਵਧੇ, ਤਾਂ ਅਚਾਨਕ ਅਣਪਛਾਤੇ ਅਤੇ ਕੁਝ ਜਾਣੇ ਪਛਾਣ ਵਾਲੇ ਬੰਦਿਆਂ ਨੇ ਉਨ੍ਹਾਂ ਉੱਪਰ ਹੱਲਾ ਬੋਲ ਦਿੱਤਾ। ਇਸ ਹਮਲੇ ਵਿਚ ਉਨ੍ਹਾਂ ਦੇ ਗੰਭੀਰ ਸੱਟਾਂ ਵੱਜੀਆਂ ਹਨ। ਉਨ੍ਹਾਂ ਸਵਾਲ ਚੁੱਕਿਆ ਕਿ ਕੀ ਸੂਬੇ ਵਿਚ ਇਹੀ ਲੋਕਤੰਤਰ ਰਹਿ ਗਿਆ ਹੈ, ਜਿੱਥੇ ਸ਼ਰੇਆਮ ਧੱਕੇਸ਼ਾਹੀ ਚੱਲ ਰਹੀ ਹੈ? ਇਸ ਘਟਨਾ ਤੋਂ ਬਾਅਦ ਮਾਹੌਲ ਉਸ ਵੇਲੇ ਹੋਰ ਭੱਖ ਗਿਆ ਜਦੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਜ਼ਖ਼ਮੀ ਆਸ਼ੂ ਬੰਗੜ ਦੇ ਨਾਲ ਸੜਕ ’ਤੇ ਹੀ ਧਰਨਾ ਲਗਾ ਦਿੱਤਾ। ਕੁਲਬੀਰ ਸਿੰਘ ਜ਼ੀਰਾ ਨੇ ਪ੍ਰਸ਼ਾਸਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਐਲਾਨ ਕੀਤਾ ਕਿ ਜਿੰਨਾ ਚਿਰ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਸੇਖੋਂ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਆਸ਼ੂ ਬੰਗੜ ਦਾ ਇਲਾਜ ਨਹੀਂ ਕਰਵਾਉਣਗੇ ਅਤੇ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਭਾਰੀ ਪੁਲਿਸ ਫੋਰਸ ਮੌਕੇ ’ਤੇ ਪਹੁੰਚ ਗਈ ਅਤੇ ਸਥਿਤੀ ਨੂੰ ਕਾਬੂ ਹੇਠ ਕਰਨ ਅਤੇ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਖਬਰ ਲਿਖੇ ਜਾਣ ਤੱਕ ਕਾਂਗਰਸੀ ਵਰਕਰਾਂ ਦਾ ਧਰਨਾ ਅਜੇ ਜਾਰੀ ਸੀ।