ਸਿਵਲ ਸਰਜਨ ਫ਼ਿਰੋਜ਼ਪੁਰ ਨੇ ਸਿਵਲ ਹਸਪਤਾਲ 'ਚ ਕੀਤੀ ਅਚਨਚੇਤ ਚੈਕਿੰਗ, ਡਿਊਟੀ ਦੌਰਾਨ ਗੈਰ-ਹਾਜ਼ਰ ਸਟਾਫ ਨੂੰ ਕੀਤੀ ਸਖ਼ਤ ਤਾੜਨਾ
ਇਸ ਦੌਰਾਨ ਜਿੱਥੇ ਉਨ੍ਹਾਂ ਸਿਵਲ ਹਸਪਤਾਲ ਵਿਖੇ ਮੌਜ਼ੂਦ ਮਰੀਜ਼ਾਂ ਦਾ ਹਾਲ ਜਾਣਿਆ ਉੱਥੇ ਹੀ ਜੱਚਾ ਬੱਚਾ ਵਾਰਡ ਵਿਚ ਗਰਭਵਤੀ ਮਹਿਲਾਵਾਂ ਅਤੇ ਨਵਜੰਮੇ ਬੱਚਿਆਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦੀ ਸਮੀਖਿਆਂ ਕੀਤੀ। ਇਸ ਉਪਰੰਤ ਉਨ੍ਹਾਂ ਨਸ਼ਾ ਛੁਡਾਊ ਕੇਂਦਰ ਵਿਚ ਮਰੀਜ਼ਾਂ ਦੀ ਸਾਰ ਲਈ ਇਸ ਦੇ ਨਾਲ ਹੀ ਸਿਵਲ ਸਰਜਨ ਵੱਲੋਂ ਫਾਰਮੇਸੀ ਵਿਚ ਵੀ ਚੈਕਿੰਗ ਕੀਤੀ।
Publish Date: Fri, 09 Jan 2026 04:14 PM (IST)
Updated Date: Fri, 09 Jan 2026 04:21 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸਿਹਤ ਵਿਭਾਗ ਵਿਚ ਪੁਖ਼ਤਾ ਸੁਧਾਰ ਕਰਨ ਦੇ ਮੰਤਵ ਨੂੰ ਲੈ ਕੇ ਅੱਜ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਵੱਲੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਅਚਨਚੇਤ ਚੈਕਿੰਗ ਕਰ ਹਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਗੈਰ ਹਾਜ਼ਰ ਸਟਾਫ ਨੂੰ ਸਖ਼ਤ ਤਾੜਨਾ ਕੀਤੀ ਕਿ ਸਮੇ ’ਤੇ ਡਿਊਟੀ ’ਤੇ ਹਾਜ਼ਰ ਹੋ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਦਿੱਤੀਆ ਜਾਣ ਅਤੇ ਕਿਸੇ ਵੀ ਤਰ੍ਹਾਂ ਦੀ ਵਰਤੀ ਗਈ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜੇਕਰ ਭਵਿੱਖ ਵਿਚ ਕੋਈ ਗ਼ੈਰ ਹਾਜ਼ਰ ਪਾਇਆ ਗਿਆ ਤਾਂ ਸਖ਼ਤ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਦੌਰਾਨ ਉਨ੍ਹਾਂ ਓਪੀਡੀ, ਜੱਚਾ ਬੱਚਾ ਵਾਰਡ, ਨਸ਼ਾ ਛੁਡਾਊ ਕੇਂਦਰ ਸਮੇਤ ਵੱਖ-ਵੱਖ ਵਾਰਡਾਂ ਦਾ ਦੌਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਵਲੋਂ ਜੱਚਾ ਬੱਚਾ ਸਿਹਤ ਸੇਵਾਵਾ ਵਿੱਚ ਹੋਰ ਸੁਧਾਰ ਕਰਨ ਦੇ ਮੰਤਵ ਨੂੰ ਲੈ ਬੀਤੇ ਦਿਨੀਂ ਸਿਹਤ ਵਿਭਾਗ ਦੇ ਅਧਿਕਾਰੀਆ ਨਾਲ ਮੀਟਿੰਗ ਕੀਤੀ ਸੀ। ਡਿਪਟੀ ਕਮਿਸ਼ਨਰ ਵੱਲੋਂ ਲਈ ਮੀਟਿੰਗ ਉਪਰੰਤ ਅੱਜ ਐਕਸ਼ਨ ਮੋਡ ਵਿਚ ਨਜ਼ਰ ਆਏ, ਜਿਸ ਤਹਿਤ ਸਿਵਲ ਸਰਜਨ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਜਿੱਥੇ ਉਨ੍ਹਾਂ ਸਿਵਲ ਹਸਪਤਾਲ ਵਿਖੇ ਮੌਜ਼ੂਦ ਮਰੀਜ਼ਾਂ ਦਾ ਹਾਲ ਜਾਣਿਆ ਉੱਥੇ ਹੀ ਜੱਚਾ ਬੱਚਾ ਵਾਰਡ ਵਿਚ ਗਰਭਵਤੀ ਮਹਿਲਾਵਾਂ ਅਤੇ ਨਵਜੰਮੇ ਬੱਚਿਆਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦੀ ਸਮੀਖਿਆਂ ਕੀਤੀ। ਇਸ ਉਪਰੰਤ ਉਨ੍ਹਾਂ ਨਸ਼ਾ ਛੁਡਾਊ ਕੇਂਦਰ ਵਿਚ ਮਰੀਜ਼ਾਂ ਦੀ ਸਾਰ ਲਈ ਇਸ ਦੇ ਨਾਲ ਹੀ ਸਿਵਲ ਸਰਜਨ ਵੱਲੋਂ ਫਾਰਮੇਸੀ ਵਿਚ ਵੀ ਚੈਕਿੰਗ ਕੀਤੀ। ਆਪਣੇ ਇਸ ਦੌਰੇ ਬਾਰੇ ਜਾਣਕਾਰੀ ਸਾਂਝੀ ਕਰਦਿਆ ਡਾ. ਰਾਜੀਵ ਪਰਾਸ਼ਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਪੱਧਰ ਦੀਆਂ ਸਿਹਤ ਸੇਵਾਵਾਂ ਮੁਹੱਈਆਂ ਕਰਵਾਉਣ ਲਈ ਦਿਨ ਰਾਤ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤਹਿਤ ਉਨ੍ਹਾਂ ਵੱਲੋਂ ਲਗਾਤਾਰ ਸਿਹਤ ਕੇਂਦਰ ਦੇ ਦੌਰੇ ਕਰਕੇ ਵੱਧ ਤੋਂ ਵੱਧ ਸੁਧਾਰ ਕੀਤਾ ਜਾਵੇਗਾ ਅਤੇ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਡਾ. ਨਿਖਿਲ ਐੱਸਐੱਮਓ ਨੂੰ ਹਸਪਤਾਲਾਂ ਵਿਚ ਸਾਫ਼ ਸਫ਼ਾਈ ਦਾ ਵੀ ਪੂਰਾ ਧਿਆਨ ਰੱਖਣ ਦੀ ਹਦਾਇਤ ਕੀਤੀ।