ਮੁੱਖ ਮੰਤਰੀ ਦੀ ਟਿੱਪਣੀ ਨਾਰੀ ਸ਼ਕਤੀ ਦਾ ਅਪਮਾਨ : ਕੁਲਬੀਰ ਸਿੰਘ ਜ਼ੀਰਾ
ਮੁੱਖ ਮੰਤਰੀ ਦੀ ਟਿੱਪਣੀ ਨਾਰੀ ਸ਼ਕਤੀ ਦਾ ਅਪਮਾਨ :ਕੁਲਬੀਰ ਸਿੰਘ ਜ਼ੀਰਾ
Publish Date: Wed, 29 Apr 2026 07:22 PM (IST)
Updated Date: Wed, 29 Apr 2026 07:25 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਅੱਜ ਇੱਥੇ ਪੰਜਾਬ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਜ਼ੀਰਾ ਕੁਲਬੀਰ ਸਿੰਘ ਜ਼ੀਰਾ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਾਲ ਹੀ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਕੀਤੀ ਗਈ ਟਿੱਪਣੀ ’ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਇਸਨੂੰ ਨਾਰੀ ਸ਼ਕਤੀ ਦਾ ਸਿੱਧਾ ਅਪਮਾਨ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜ ਸਭਾ ਮੈਂਬਰਾਂ ਦੇ ਪਾਰਟੀ ਛੱਡਣ ਦੇ ਮਾਮਲੇ ਨੂੰ ਸਮਝਾਉਂਦੇ ਹੋਏ ਮੁੱਖ ਮੰਤਰੀ ਵੱਲੋਂ ਵਰਤੀ ਗਈ ਤੁਲਨਾ ਨਾ ਸਿਰਫ਼ ਅਣਉਚਿਤ ਹੈ, ਸਗੋਂ ਸਮਾਜ ਵਿੱਚ ਮਹਿਲਾਵਾਂ ਪ੍ਰਤੀ ਗਲਤ ਸੰਦੇਸ਼ ਵੀ ਪਹੁੰਚਾਉਂਦੀ ਹੈ। ਸੰਗਠਨ ਸਿਰਜਨ ਅਭਿਆਨ ਤਹਿਤ ਲਗਾਤਾਰ ਜਨਤਾ ਨਾਲ ਸੰਪਰਕ ਕਰ ਰਹੇ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਇੱਕ ਸੰਵਿਧਾਨਕ ਅਹੁਦੇ ’ਤੇ ਬੈਠੇ ਵਿਅਕਤੀ ਤੋਂ ਸੰਵੇਦਨਸ਼ੀਲਤਾ, ਸੰਤੁਲਿਤ ਭਾਸ਼ਾ ਅਤੇ ਮਰਿਆਦਾ ਦੀ ਉਮੀਦ ਕੀਤੀ ਜਾਂਦੀ ਹੈ, ਪਰ ਜਦੋਂ ਇੱਕ ਮੁੱਖ ਮੰਤਰੀ ਰਾਜਨੀਤਿਕ ਮਸਲੇ ਦੀ ਵਿਆਖਿਆ ਲਈ ਅਜਿਹੀ ਉਦਾਹਰਨ ਦਿੰਦਾ ਹੈ ਤਾਂ ਇਹ ਸਾਰੇ ਨਾਰੀ ਵਰਗ ਲਈ ਨਿੰਦਣਯੋਗ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਸਨੂੰ ਕਹਾਵਤ ਜਾਂ ਮੁਹਾਵਰੇ ਦੇ ਰੂਪ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਪਰ ਕਿਸੇ ਵੀ ਔਰਤ ਦੀ ਇੱਜ਼ਤ ਨੂੰ ਰਾਜਨੀਤਿਕ ਟਿੱਪਣੀ ਦਾ ਹਿੱਸਾ ਬਣਾਉਣਾ ਕਦੇ ਵੀ ਠੀਕ ਨਹੀਂ ਹੋ ਸਕਦਾ। ਕੁਲਬੀਰ ਜੀਰਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਮਹਿਲਾਵਾਂ ਦੇ ਸਤਿਕਾਰ ਲਈ ਜਾਣੀ ਜਾਂਦੀ ਹੈ ਅਤੇ ਅਜਿਹੇ ਬਿਆਨ ਇਸ ਪਰੰਪਰਾ ਨੂੰ ਠੇਸ ਪਹੁੰਚਾਉਂਦੇ ਹਨ। ਕੁਲਬੀਰ ਸਿੰਘ ਜ਼ੀਰਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਅਜਿਹੀ ਭਾਸ਼ਾ ਵਰਤ ਰਹੀ ਹੈ, ਜਦਕਿ ਸੂਬੇ ਦੇ ਲੋਕ ਬੇਰੁਜ਼ਗਾਰੀ, ਨਸ਼ੇ ਦੀ ਸਮੱਸਿਆ, ਕਿਸਾਨੀ ਸੰਕਟ ਅਤੇ ਕਾਨੂੰਨ-ਵਿਵਸਥਾ ਵਰਗੀਆਂ ਗੰਭੀਰ ਚੁਣੌਤੀਆਂ ਨਾਲ ਜੂਝ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਤੋਂ ਆਪਣੇ ਬਿਆਨ ’ਤੇ ਸਪਸ਼ਟੀਕਰਨ ਦੇਣ ਅਤੇ ਨਾਰੀ ਵਰਗ ਤੋਂ ਮਾਫ਼ੀ ਮੰਗਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਦਾ ਸਤਿਕਾਰ ਹਰ ਕੀਮਤ ’ਤੇ ਬਰਕਰਾਰ ਰਹਿਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਰਾਜ ਸਭਾ ਮੈਂਬਰਾਂ ਦੇ ਬਾਗੀ ਹੋਣ ਕਾਰਨ ਪੈਦਾ ਹੋਈ ਸਥਿਤੀ ਤੋਂ ਧਿਆਨ ਹਟਾਉਣ ਲਈ ਅਜਿਹੀਆਂ ਕਹਾਵਤਾਂ ਪੇਸ਼ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ, ਮੁੱਖ ਮੰਤਰੀ ਭਵਿੱਖ ਵਿੱਚ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ।