ਆਂਗਨਵਾੜੀ ਵਰਕਰਾਂ ਨੇ ਮੋਬਾਈਲ ਫੋਨਾਂ ਨੂੰ ਲੈ ਕੇ ਵਿਭਾਗ ਵਿਰੁੱਧ ਖੋਲ੍ਹਿਆ ਮੋਰਚਾ
ਆਂਗਨਵਾੜੀ ਵਰਕਰਾਂ ਨੇ ਮੋਬਾਇਲ ਫੋਨਾਂ ਨੂੰ ਲੈ ਕੇ ਵਿਭਾਗ ਵਿਰੁੱਧ ਖੋਲ੍ਹਿਆ ਮੋਰਚਾ
Publish Date: Sat, 18 Apr 2026 05:41 PM (IST)
Updated Date: Sat, 18 Apr 2026 05:45 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਆਂਗਨਵਾੜੀ ਵਰਕਰਾਂ ਨੇ ਅੱਜ ਇੱਕ ਵਾਰ ਫਿਰ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਪਿਛਲੇ ਦਿਨੀਂ ਡੀ.ਸੀ. ਦਫ਼ਤਰ ਅੱਗੇ ਦਿੱਤੇ ਧਰਨੇ ਤੋਂ ਬਾਅਦ, ਜਦੋਂ ਪ੍ਰਸ਼ਾਸਨ ਨੇ ਮੋਬਾਈਲ ਫੋਨ ਜਲਦ ਵੰਡਣ ਦਾ ਭਰੋਸਾ ਦਿੱਤਾ ਸੀ, ਉਸ ਦੇ ਪੂਰਾ ਨਾ ਹੋਣ ’ਤੇ ਗੁੱਸਾਈਆਂ ਵਰਕਰਾਂ ਨੇ ਅੱਜ ਸਰਕਾਰੀ ਛੁੱਟੀ ਵਾਲੇ ਦਿਨ ਵੀ ਖੁੱਲ੍ਹੇ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਦੇ ਦਫ਼ਤਰ ਅੱਗੇ ਡੇਰੇ ਲਾ ਲਏ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਵਰਕਰਾਂ ਦਾ ਮੁੱਖ ਇਤਰਾਜ਼ ਸਰਕਾਰ ਵੱਲੋਂ ਭੇਜੇ ਗਏ ਨਵੇਂ ‘ਡੱਬਾ ਬੰਦ’ ਮੋਬਾਈਲ ਫੋਨਾਂ ਨੂੰ ਲੈ ਕੇ ਹੈ। ਆਂਗਨਵਾੜੀ ਯੂਨੀਅਨ ਦੇ ਕਾਂਤਾ ਰਾਣੀ ਜ਼ਿਲ੍ਹਾ ਜਨਰਲ ਸਕੱਤਰ ਨੇ ਦੱਸਿਆ ਕਿ ਵਿਭਾਗ ਕੋਲ ਨਵੇਂ ਫੋਨ ਪਹੁੰਚ ਚੁੱਕੇ ਹਨ, ਪਰ ਅਧਿਕਾਰੀ ਇਨ੍ਹਾਂ ਨੂੰ ਵਰਕਰਾਂ ਦੇ ਹਵਾਲੇ ਕਰਨ ਵਿੱਚ ਜਾਣਬੁੱਝ ਕੇ ਦੇਰੀ ਕਰ ਰਹੇ ਹਨ। ਉਨ੍ਹਾਂ ਖਦਸ਼ਾ ਜਤਾਇਆ ਕਿ ਪ੍ਰਸ਼ਾਸਨ ਇਨ੍ਹਾਂ ਫੋਨਾਂ ਨੂੰ ਪਹਿਲਾਂ ਕਿਸੇ ਹੋਰ ਕੰਮ ਜਾਂ ਵਿਭਾਗ ਲਈ ਵਰਤਣਾ ਚਾਹੁੰਦਾ ਹੈ, ਜੋ ਕਿ ਵਰਕਰਾਂ ਨਾਲ ਸਰਾਸਰ ਧੱਕੇਸ਼ਾਹੀ ਹੈ। ਆਗੂਆਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜੇਕਰ ਇਨ੍ਹਾਂ ਫੋਨਾਂ ਦੀ ਵਰਤੋਂ ਕਿਸੇ ਹੋਰ ਪਾਸੇ ਕੀਤੀ ਗਈ, ਤਾਂ ਉਹ ਖੁੱਲ੍ਹੇ ਹੋਏ ਡੱਬੇ ਵਾਲੇ ਜਾਂ ਵਰਤੇ ਹੋਏ ਮੋਬਾਈਲ ਫੋਨ ਬਿਲਕੁਲ ਸਵੀਕਾਰ ਨਹੀਂ ਕਰਨਗੀਆਂ ਅਤੇ ਨਾ ਹੀ ਕੋਈ ਰਿਸੀਵਿੰਗ ਦੇਣਗੀਆਂ। ਆਂਗਨਵਾੜੀ ਵਰਕਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਰੋਜ਼ਾਨਾ ਦੇ ਸਰਕਾਰੀ ਕੰਮ ਅਤੇ ਡਾਟਾ ਐਂਟਰੀ ਲਈ ਮੋਬਾਈਲਾਂ ਦੀ ਸਖ਼ਤ ਲੋੜ ਹੈ। ਸਰਕਾਰ ਵੱਲੋਂ ਚਲਾਈ ਜਾ ਰਹੀ ‘ਮਾਵਾਂ ਧੀਆਂ ਸਤਿਕਾਰਯੋਗ ਯੋਜਨਾ’ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਇਨ੍ਹਾਂ ਫੋਨਾਂ ਦੀ ਵਰਤੋਂ ਹੋਣੀ ਹੈ। ਵਰਕਰਾਂ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਚਾਹੁੰਦੀ ਹੈ ਕਿ ਵਿਭਾਗੀ ਕੰਮ ਸੁਚਾਰੂ ਢੰਗ ਨਾਲ ਚੱਲੇ, ਤਾਂ ਉਨ੍ਹਾਂ ਨੂੰ ਨਵੇਂ ਫੋਨ ‘ਸੀਲਬੰਦ’ ਹਾਲਤ ਵਿਚ ਹੀ ਦਿੱਤੇ ਜਾਣ। ਵਰਕਰਾਂ ਦਾ ਰੋਸ ਇਸ ਗੱਲੋਂ ਵੀ ਵਧੇਰੇ ਹੈ ਕਿ ਪਹਿਲਾਂ ਜਾਮ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਨੇ ਵਿਸ਼ਵਾਸ ਦਿਵਾਇਆ ਸੀ ਕਿ ਫੋਨ ਜਲਦ ਵੰਡੇ ਜਾਣਗੇ, ਪਰ ਅਮਲੀ ਰੂਪ ਵਿਚ ਕੁਝ ਨਹੀਂ ਹੋਇਆ। ਧਰਨਾਕਾਰੀ ਵਰਕਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਵਿਭਾਗ ਨੇ ਆਪਣਾ ਅੜੀਅਲ ਰਵੱਈਆ ਨਾ ਤਿਆਗਿਆ ਅਤੇ ਨਵੇਂ ਮੋਬਾਇਲ ਫੋਨ ਤੁਰੰਤ ਮੁਹੱਈਆ ਨਾ ਕਰਵਾਏ, ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਕਾਂਤਾ ਰਾਣੀ ਜ਼ਿਲ੍ਹਾ ਜਨਰਲ ਸਕੱਤਰ, ਰਜਵੰਤ ਕੌਰ ਜ਼ਿਲ੍ਹਾ ਕੈਸ਼ੀਅਰ, ਕੁਲਵਿੰਦਰ ਕੌਰ ਤੋਂ ਇਲਾਵਾ ਹੋਰ ਆਂਗਨਵਾੜੀ ਵਰਕਰਾਂ ਹਾਜ਼ਰ ਸਨ।