- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਵਲ ਹਸਪਤਾਲ ਜ਼ੀਰਾ ਵਿਖੇ ਜ਼ਖ਼ਮੀ ਦਾ ਹਾਲ-ਚਾਲ ਪੁੱਛਣ ਪਹੁੰਚੇ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਸੂਬੇ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ।

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਹਲਕਾ ਜ਼ੀਰਾ ਵਿਚ ਕਾਨੂੰਨ-ਵਿਵਸਥਾ ਨੂੰ ਲੈ ਕੇ ਇੱਕ ਵਾਰ ਫਿਰ ਗੰਭੀਰ ਚਿੰਤਾਵਾਂ ਉੱਭਰ ਕੇ ਸਾਹਮਣੇ ਆਈਆਂ ਹਨ। ਪਿੰਡ ਚੂਚਕ ਵਿੰਡ ਦੇ ਇਕ 20 ਸਾਲਾ ਨੌਜਵਾਨ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਦਿਨ-ਦਿਹਾੜੇ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ, ਜਦਕਿ ਇਕ ਹਫ਼ਤੇ ਦੇ ਅੰਦਰ ਗੋਲੀ ਚੱਲਣ ਦੀ ਇਹ ਦੂਜੀ ਵੱਡੀ ਵਾਰਦਾਤ ਹੋਣ ਕਾਰਨ ਲੋਕਾਂ ਵਿਚ ਸੁਰੱਖਿਆ ਨੂੰ ਲੈ ਕੇ ਚਿੰਤਾ ਹੋਰ ਵਧ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ (20) ਪੁੱਤਰ ਰਣਧੀਰ ਸਿੰਘ ਵਾਸੀ ਪਿੰਡ ਚੂਚਕ ਵਿੰਡ ਅੱਜ ਸਵੇਰੇ ਕਰੀਬ 9.30 ਵਜੇ ਪਿੰਡ ਵਿਚ ਕਿਸੇ ਦੇ ਘਰ ਪਾਠ ਦੇ ਭੋਗ ਸਮਾਗਮ ਵਿਚ ਸ਼ਾਮਲ ਹੋਣ ਗਿਆ ਹੋਇਆ ਸੀ। ਇਸ ਦੌਰਾਨ ਇੱਕ ਮੋਟਰਸਾਈਕਲ ਸਵਾਰ ਅਣਪਛਾਤਾ ਨੌਜਵਾਨ ਉੱਥੇ ਪਹੁੰਚਿਆ ਅਤੇ ਉਸ ਨੂੰ ਆਪਣੇ ਨਾਲ ਬਿਠਾ ਕੇ ਲੈ ਗਿਆ। ਕੁਝ ਸਮੇਂ ਬਾਅਦ ਲਵਪ੍ਰੀਤ ਸਿੰਘ ਪਿੰਡ ਚੂਚਕ ਵਿੰਡ ਤੋਂ ਪਿੰਡ ਮਰਖਾਈ ਵੱਲ ਜਾਂਦੀ ਨਹਿਰ ਦੀ ਪਟੜੀ ’ਤੇ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲਿਆ।
ਪਰਿਵਾਰਿਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖ਼ਲ ਕਰਵਾਇਆ ਗਿਆ। ਸਿਵਲ ਹਸਪਤਾਲ ਜ਼ੀਰਾ ਦੇ ਡਾ ਨਵਦੀਪ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਦੇ ਪੇਟ ਅਤੇ ਛਾਤੀ ਵਿੱਚ ਦੋ ਗੋਲੀਆਂ ਲੱਗੀਆਂ ਹੋਈਆਂ ਸਨ। ਹਾਲਤ ਨਾਜ਼ੁਕ ਹੋਣ ਕਾਰਨ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਪਛਾਣ ਲਈ ਵੱਖ-ਵੱਖ ਪੱਖਾਂ ਤੋਂ ਤਫ਼ਤੀਸ਼ ਕੀਤੀ ਜਾ ਰਹੀ ਹੈ।
ਵਰਨਣਯੋਗ ਹੈ ਕਿ 1 ਜੂਨ ਨੂੰ ਮਖੂ ਵਿਚ ਵੀ ਦਿਨ-ਦਿਹਾੜੇ ਇੱਕ ਵਪਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਕਾਰਨ ਇਲਾਕੇ ਵਿਚ ਅਪਰਾਧਿਕ ਗਤੀਵਿਧੀਆਂ ਨੂੰ ਲੈ ਕੇ ਪਹਿਲਾਂ ਹੀ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਸਿਵਲ ਹਸਪਤਾਲ ਜ਼ੀਰਾ ਵਿਖੇ ਜ਼ਖ਼ਮੀ ਦਾ ਹਾਲ-ਚਾਲ ਪੁੱਛਣ ਪਹੁੰਚੇ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਸੂਬੇ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਗੁੰਡਾ ਅਨਸਰਾਂ ਅਤੇ ਗੈਂਗਸਟਰਵਾਦ ਤੇ ਨਕੇਲ ਕੱਸਣ ਵਿਚ ਅਸਫਲ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਡੀਜੀਪੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੈਂਗਸਟਰਵਾਦ 'ਤੇ ਕਾਬੂ ਨਹੀਂ ਪਾ ਸਕਦੇ ਤਾਂ ਉਨ੍ਹਾਂ ਨੂੰ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।