ਝੰਡਾ ਬੱਗਾ ਪੁਰਾਣਾ ਵਿਖੇ ਅੱਗ ਲੱਗਣ ਕਾਰਨ 15 ਏਕੜ ਕਣਕ ਸੜੀ
ਪਿੰਡ ਝੰਡਾ ਬੱਗਾ ਪੁਰਾਣਾ ਵਿਖੇ ਅੱਗ ਲੱਗਣ ਕਾਰਨ 15 ਏਕੜ ਦੇ ਕਰੀਬ ਕਣਕ ਸੜ ਕੇ ਸੁਆਹ
Publish Date: Sat, 18 Apr 2026 05:03 PM (IST)
Updated Date: Sat, 18 Apr 2026 05:06 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਦੇ ਪਿੰਡ ਝੰਡਾ ਬੱਗਾ ਪੁਰਾਣਾ ਵਿਖੇ ਅੱਗ ਲੱਗਣ ਕਾਰਨ 15 ਏਕੜ ਦੇ ਕਰੀਬ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਝੰਡਾ ਬੱਗਾ ਪੁਰਾਣਾ ਦੇ ਸਰਪੰਚ ਅੰਮ੍ਰਿਤਪਾਲ ਸਿੰਘ ਮਨੇਸ, ਪਰਮਿੰਦਰ ਸਿੰਘ, ਨੰਬਰਦਾਰ ਜਗਤਾਰ ਸਿੰਘ ਮਨੇਸ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਝੰਡਾ ਬੱਗਾ ਪੁਰਾਣਾ ਦੇ ਕਿਸਾਨ ਪਰਮਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਦੀ ਡੇਢ ਏਕੜ,ਗੁਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਢਾਈ ਏਕੜ, ਹਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਢਾਈ ਏਕੜ,ਸ਼ਾਮ ਲਾਲ ਦੀ ਇੱਕ ਏਕੜ,ਨਛੱਤਰ ਸਿੰਘ ਪੁੱਤਰ ਤਰਲੋਕ ਸਿੰਘ ਅੱਧਾ ਏਕੜ, ਮਨਜੀਤ ਸਿੰਘ ਪੁੱਤਰ ਹਰਬੰਸ ਸਿੰਘ ਪੰਜ ਏਕੜ, ਅੰਗਰੇਜ਼ ਸਿੰਘ ਪਿੰਡ ਮੰਦਰ ਦੀ ਡੇਢ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋ ਗਈ। ਕਣਕ ਦੇ ਖੇਤ ਨਜ਼ਦੀਕ ਕੁਝ ਔਰਤਾਂ ਕੰਮ ਕਰ ਰਹੀਆਂ ਸਨ ,ਜਿਨਾਂ ਨੇ ਦੱਸਿਆ ਕਿ ਦੋ ਨੌਜਵਾਨ ਖੇਤਾਂ ਵਿੱਚ ਬਣੇ ਮੋਟਰ ਦੇ ਕਮਰੇ ਕੋਲੋਂ ਭੱਜ ਕੇ ਜਾ ਰਹੇ ਸਨ ,ਉਨ੍ਹਾਂ ਸ਼ੱਕ ਜਤਾਇਆ ਕਿ ਇਨ੍ਹਾਂ ਨੌਜਵਾਨਾਂ ਨੇ ਕੋਈ ਬੀੜੀ ਵਗੈਰਾ ਪੀਤੀ ਹੋਵੇਗੀ,ਜਿਸ ਕਾਰਨ ਕਣਕ ਨੂੰ ਅੱਗ ਲੱਗ ਗਈ। ਅੱਗ ਲੱਗਣ ਦੌਰਾਨ ਔਰਤਾਂ ਨੇ ਜਦ ਰੌਲਾ ਪਾਇਆ ਤਾਂ ਪਿੰਡ ਝੰਡਾ ਬੱਗਾ ਪੁਰਾਣਾ ਅਤੇ ਪਿੰਡ ਸ਼ੇਰਪੁਰ ਦੇ ਲੋਕ ਆਪੋ-ਆਪਣੇ ਟਰੈਕਟਰਾਂ ਤੇ ਘਟਨਾ ਸਥਾਨ ਤੇ ਪਹੁੰਚ ਗਏ ਅਤੇ ਬਹੁਤ ਹੀ ਜੱਦੋ ਜਹਿਦ ਨਾਲ ਅੱਗ ਤੇ ਕਾਬੂ ਪਾਇਆ, ਫਿਰ ਵੀ ਹਵਾ ਤੇਜ ਹੋਣ ਕਾਰਨ ਵੇਖਦੇ ਹੀ ਵੇਖਦੇ 15 ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋ ਗਈ। ਕਣਕ ਨੂੰ ਅੱਗ ਲੱਗਣ ਸਬੰਧੀ ਥਾਣਾ ਜ਼ੀਰਾ ਪੁਲੀਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਿਸ ਪਾਰਟੀ, ਫਾਇਰ ਬ੍ਰਿਗੇਡ ਜ਼ੀਰਾ ਅਤੇ ਫਾਇਰ ਬ੍ਰਿਗੇਡ ਫਤਿਹਗੜ੍ਹ ਪੰਜਤੂਰ ਦੀਆਂ ਗੱਡੀਆਂ ਵੀ ਮੌਕੇ ’ਤੇ ਪਹੁੰਚ ਗਈਆਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਇਸ ਸਬੰਧੀ ਪਿੰਡ ਝੰਡਾ ਬੱਗਾ ਪੁਰਾਣਾ ਦੇ ਸਰਪੰਚ ਅੰਮ੍ਰਿਤਪਾਲ ਸਿੰਘ ਮਨੇਸ ਅਤੇ ਪ੍ਰਭਾਵਿਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੜੀ ਕਣਕ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।