ਈਡੀ ਦੀ ਕਾਰਵਾਈ ਵਿਰੁੱਧ ‘ਆਪ’ ਨੇ ਕੇਂਦਰ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ
ਈਡੀ ਦੀ ਕਾਰਵਾਈ ਵਿਰੁੱਧ ‘ਆਪ’ ਨੇ ਕੇਂਦਰ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ
Publish Date: Sun, 10 May 2026 06:24 PM (IST)
Updated Date: Sun, 10 May 2026 06:27 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਕੇਂਦਰੀ ਜਾਂਚ ਏਜੰਸੀ (ਈਡੀ) ਵੱਲੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਤੇ ਉਨ੍ਹਾਂ ਦੇ ਪੁੱਤਰ ਵਿਰੁੱਧ ਕੀਤੀ ਗਈ ਛਾਪੇਮਾਰੀ ਅਤੇ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਨੇ ਭਾਜਪਾ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਵਿਧਾਇਕ ਰਣਬੀਰ ਸਿੰਘ ਭੁੱਲਰ ਤੇ ਰਜਨੀਸ਼ ਦਹੀਆ ਨੇ ਕਿਹਾ ਕਿ ਭਾਜਪਾ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਵਿਰੋਧੀ ਧਿਰ ਦੇ ਇਮਾਨਦਾਰ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ, ਪਰ ਪੰਜਾਬ ਦੇ ਲੋਕ ਇਨ੍ਹਾਂ ਕੋਝੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਬੀਤੇ ਦਿਨੀਂ ਹੋਈ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਅੱਜ ‘ਆਮ ਆਦਮੀ ਪਾਰਟੀ’ ਦੇ ਸੈਂਕੜੇ ਵਰਕਰਾਂ ਨੇ ਕੇਂਦਰ ਸਰਕਾਰ ਵਿਰੁੱਧ ਰੋਸ ਧਰਨਾ ਦਿੱਤਾ। ਇਸ ਮੌਕੇ ਹਲਕਾ ਸ਼ਹਿਰੀ ਤੋਂ ਵਿਧਾਇਕ ਰਣਬੀਰ ਸਿੰਘ ਭੁੱਲਰ ਅਤੇ ਹਲਕਾ ਦਿਹਾਤੀ ਤੋਂ ਵਿਧਾਇਕ ਰਜਨੀਸ਼ ਦਹੀਆ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਵਿਧਾਇਕਾਂ ਨੇ ਕਿਹਾ ਕਿ ਭਾਜਪਾ ਹਮੇਸ਼ਾ ਹੀ ਇਮਾਨਦਾਰ ਅਤੇ ਲੋਕ-ਪੱਖੀ ਕੰਮ ਕਰਨ ਵਾਲੇ ਆਗੂਆਂ ਵਿਰੁੱਧ ਬਦਲਾਖੋਰੀ ਅਤੇ ਰਿਸ਼ਵਤਖੋਰੀ ਦੀ ਨੀਤੀ ਅਪਣਾਉਂਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਭਾਜਪਾ ਕਿਸੇ ਸੂਬੇ ਵਿੱਚ ਲੋਕਤੰਤਰੀ ਤਰੀਕੇ ਨਾਲ ਚੋਣਾਂ ਹਾਰਦੀ ਹੈ, ਤਾਂ ਉਹ ਈਡੀ ਅਤੇ ਸੀਬੀਆਈ ਵਰਗੀਆਂ ਕੇਂਦਰੀ ਸੰਸਥਾਵਾਂ ਦੀ ਦੁਰਵਰਤੋਂ ਕਰਕੇ ਵਿਰੋਧੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ। ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਭਾਜਪਾ ਦੀ ਨਜ਼ਰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਤੇ ਹੈ। ਉਹ ਪੰਜਾਬ ਵਿਚ ਆਪਣੀ ਸਰਕਾਰ ਬਣਾਉਣ ਦਾ ਸੁਪਨਾ ਦੇਖ ਰਹੇ ਹਨ ਅਤੇ ਇਸੇ ਮਕਸਦ ਲਈ ਉਹ ‘ਆਪ’ ਦੇ ਮਜ਼ਬੂਤ ਕਿਲ੍ਹੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਭੁੱਲਰ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸੂਝਵਾਨ ਹਨ ਅਤੇ ਉਹ ਭਾਜਪਾ ਦੀਆਂ ਇਨ੍ਹਾਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ 2027 ਵਿਚ ਲੋਕ ਭਾਜਪਾ ਨੂੰ ਮੂੰਹ ਨਹੀਂ ਲਗਾਉਣਗੇ ਅਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ। ਵਿਧਾਇਕ ਰਜਨੀਸ਼ ਦਹੀਆ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਜਾਂਚ ਏਜੰਸੀਆਂ ਦਾ ਰਾਜਨੀਤੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਭਾਜਪਾ ਸੂਬੇ ਵਿਚ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ, ਪਰ ਅਸੀਂ ਡਰਨ ਵਾਲੇ ਨਹੀਂ ਹਾਂ। ਅਸੀਂ ਅਦਾਲਤਾਂ ਅਤੇ ਲੋਕਾਂ ਦੀ ਕਚਹਿਰੀ ਵਿਚ ਸੱਚਾਈ ਸਾਹਮਣੇ ਲੈ ਕੇ ਆਵਾਂਗੇ। ਧਰਨੇ ਦੌਰਾਨ ਪਾਰਟੀ ਵਰਕਰਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਮੰਗ ਕੀਤੀ ਕਿ ਸਿਆਸੀ ਰੰਜਿਸ਼ ਤਹਿਤ ਕੀਤੀਆਂ ਗਈਆਂ ਗ੍ਰਿਫ਼ਤਾਰੀਆਂ ਤੁਰੰਤ ਰੱਦ ਕੀਤੀਆਂ ਜਾਣ। ਇਸ ਮੌਕੇ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਿਮਾਂਸ਼ੂ ਠੱਕਰ, ਰਾਜ ਬਹਾਦੁਰ ਸਿੰਘ ਗਿੱਲ, ਦਿਲਬਾਗ ਸਿੰਘ ਨੰਡਾ ਚੇਅਰਮੈਨ ਬਲਾਕ ਸੰਮਤੀ ਫਿਰੋਜ਼ਪੁਰ, ਸੁਖਚੈਨ ਸਿੰਘ ਖਾਈ, ਗੁਰਭੇਜ ਸਿੰਘ, ਅਮਰੀਕ ਸਿੰਘ ਹੀਰੋ ਅਤੇ ਹੋਰ ਵੀ ਹਾਜ਼ਰ ਸਨ।