ਪੰਜਾਬ ਸਰਕਾਰ ਦੇ ਫ਼ਸਲੀ ਕਰਜ਼ੇ ’ਚ ਵਾਧੇ ਦੇ ਫੈਸਲੇ ’ਤੇ ਲਟਕੀ ਤਲਵਾਰ
ਪੰਜਾਬ ਸਰਕਾਰ ਦੇ ਫ਼ਸਲੀ ਕਰਜ਼ੇ ’ਚ ਵਾਧੇ ਦੇ ਫੈਸਲੇ ’ਤੇ ਲਟਕੀ ਤਲਵਾਰ
Publish Date: Tue, 05 May 2026 06:28 PM (IST)
Updated Date: Tue, 05 May 2026 06:29 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਆਰਥਿਕ ਰਾਹਤ ਦੇਣ ਲਈ ਸਹਿਕਾਰੀ ਸਭਾਵਾਂ ਰਾਹੀਂ ਦਿੱਤੇ ਜਾਣ ਵਾਲੇ ਫ਼ਸਲੀ ਕਰਜ਼ੇ ਦੀ ਹੱਦ ਵਿਚ 5,000 ਰੁਪਏ ਪ੍ਰਤੀ ਏਕੜ ਦਾ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਸੀ। ਪਰ ਫਿਰੋਜ਼ਪੁਰ ਸਮੇਤ ਪੂਰੇ ਸੂਬੇ ਵਿਚ ਇਹ ਫੈਸਲਾ ਲਾਗੂ ਹੁੰਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਸਹਿਕਾਰੀ ਬੈਂਕਾਂ ਨੇ ਫੰਡਾਂ ਦੀ ਕਮੀ ਦਾ ਹਵਾਲਾ ਦਿੰਦਿਆਂ ਇਹ ਵਾਧਾ ਦੇਣ ਤੋਂ ਨਾਂਹ ਕਰ ਦਿੱਤੀ ਹੈ। ਪੰਜਾਬ ਦੀ ਕਿਸਾਨੀ ਨੂੰ ਵੱਡਾ ਝਟਕਾ ਲੱਗਣ ਦੀ ਸੰਭਾਵਨਾ ਬਣ ਗਈ ਹੈ। ਸਰਕਾਰ ਵੱਲੋਂ ਕਰਜ਼ਾ ਹੱਦ ਵਧਾਉਣ ਦੇ ਕੀਤੇ ਗਏ ਵੱਡੇ-ਵੱਡੇ ਦਾਅਵੇ ਹੁਣ ਹਵਾਈ ਸਾਬਤ ਹੋ ਰਹੇ ਹਨ। ਸਹਿਕਾਰੀ ਬੈਂਕਾਂ ਵੱਲੋਂ ਵਧਿਆ ਹੋਇਆ ਕਰਜ਼ਾ ਦੇਣ ਤੋਂ ਅਸਮਰੱਥਾ ਪ੍ਰਗਟਾਉਣ ਕਾਰਨ ਜ਼ਮੀਨੀ ਪੱਧਰ ’ਤੇ ਸਥਿਤੀ ਤਣਾਅਪੂਰਨ ਹੋ ਗਈ ਹੈ। ਕੋਆਪਰੇਟਿਵ ਮੁਲਾਜ਼ਮ ਯੂਨੀਅਨ ਫਿਰੋਜ਼ਪੁਰ ਦੇ ਪ੍ਰਧਾਨ ਲਾਲਜੀਤ ਸਿੰਘ ਵੜਿੰਗ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਨੇ ਐਲਾਨ ਤਾਂ ਕਰ ਦਿੱਤਾ ਹੈ, ਪਰ ਬੈਂਕਾਂ ਕੋਲ ਫੰਡਾਂ ਦੀ ਭਾਰੀ ਕਿੱਲਤ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਾਂ ਲਈ ਸਮਾਂ ਘੱਟ ਹੋਣ ਕਾਰਨ ਬੈਂਕ ਇਸ ਫ਼ਸਲ ਲਈ ਵਾਧੂ ਰਾਸ਼ੀ ਜਾਰੀ ਕਰਨ ਤੋਂ ਪਿੱਛੇ ਹਟ ਰਹੇ ਹਨ। ਵੜਿੰਗ ਨੇ ਸਪੱਸ਼ਟ ਕੀਤਾ ਕਿ ਯੂਨੀਅਨ ਇਸ ਫੈਸਲੇ ਨੂੰ ਕਿਸਾਨਾਂ ਦੇ ਹਿੱਤ ਵਿਚ ਲਾਗੂ ਕਰਵਾਉਣ ਲਈ ਬਜ਼ਿੱਦ ਹੈ, ਪਰ ਦੂਜੇ ਪਾਸੇ ਕਰਮਚਾਰੀਆਂ ’ਤੇ ਪੁਰਾਣੇ ਸਕੇਲਾਂ ਮੁਤਾਬਿਕ ਹੀ ਕਰਜ਼ਾ ਵੰਡਣ ਲਈ ਦਬਾਅ ਪਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਦਾ ਮੰਨਣਾ ਹੈ ਕਿ ਬੈਂਕਾਂ ਵੱਲੋਂ ਹੜਤਾਲ ਦੀਆਂ ਧਮਕੀਆਂ ਦੇ ਕੇ ਸਰਕਾਰ ’ਤੇ ਗਲਤ ਤਰੀਕੇ ਨਾਲ ਦਬਾਅ ਬਣਾਇਆ ਜਾ ਰਿਹਾ ਹੈ। ਜੇਕਰ ਇਹ ਵਾਧਾ ਲਾਗੂ ਨਹੀਂ ਹੁੰਦਾ, ਤਾਂ ਇਸ ਨਾਲ ਕਿਸਾਨਾਂ ਦੇ ਕਰੋੜਾਂ ਰੁਪਏ ਦੱਬੇ ਜਾਣ ਦਾ ਖਦਸ਼ਾ ਹੈ, ਜਿਸ ਨਾਲ ਅਗਲੀ ਫ਼ਸਲ ਦੀ ਬਿਜਾਈ ਅਤੇ ਖਰਚਿਆਂ ’ਤੇ ਮਾਰੂ ਅਸਰ ਪਵੇਗਾ। ਇਸ ਮੁੱਦੇ ’ਤੇ ਵਿਚਾਰ ਕਰਨ ਲਈ ਰੱਖੀ ਗਈ ਮੀਟਿੰਗ ਵਿਚ ਕਈ ਦਿੱਗਜ ਆਗੂ ਸ਼ਾਮਲ ਹੋਏ। ਜਿਨ੍ਹਾਂ ਵਿਚ ਸਾਬਕਾ ਸੂਬਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ, ਬਲਾਕ ਡੈਲੀਗੇਟ ਗੁਰਬਖਸ਼ ਸਿੰਘ ਸੰਧੂ ਅਤੇ ਸਰਪ੍ਰਸਤ ਜਸਬੀਰ ਸਿੰਘ ਲੋਹਗੜ੍ਹ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਕਿਸਾਨਾਂ ਦੇ ਹੱਕਾਂ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਜਨਰਲ ਸਕੱਤਰ ਕਰਮਲਜੀਤ ਸਿੰਘ ਸੋਨੂੰ, ਸਟੇਟ ਕੈਸ਼ੀਅਰ ਬਖਸ਼ੀਸ਼ ਸਿੰਘ ਸਿੱਧੂ, ਮੀਤ ਪ੍ਰਧਾਨ ਬਲਜਿੰਦਰ ਸਿੰਘ ਹਾਂਡਾ ਅਤੇ ਵੱਖ-ਵੱਖ ਬਲਾਕਾਂ ਦੇ ਪ੍ਰਧਾਨ ਜਿਵੇਂ ਪਰਮਿੰਦਰ ਸਿੰਘ ਮਮਦੋਟ, ਰਵਿੰਦਰ ਕੁਮਾਰ ਗੁਰੂਹਰਸਹਾਏ, ਅਮਰਿੰਦਰ ਸਿੰਘ ਮਖੂ, ਰਾਹੁਲ ਚੋਪੜਾ ਘੱਲਖੁਰਦ, ਦਵਿੰਦਰ ਸਿੰਘ ਜ਼ੀਰਾ ਅਤੇ ਪਰਮਿੰਦਰ ਸਿੰਘ ਫਿਰੋਜ਼ਪੁਰ ਹਾਜ਼ਰ ਸਨ।