3 ਕਿੱਲੋ 7 ਸੌ ਗ੍ਰਾਮ ਹੈਰੋਇਨ ਤੇ 5 ਪਿਸਟਲ ਸਮੇਤ 6 ਤਸਕਰ ਕਾਬੂ
ਸਾਢੇ ਤਿੰਨ ਕਿੱਲੋ ਹੈਰੋਇਨ ਅਤੇ 5 ਪਿਸਟਲ ਸਮੇਤ 6 ਤਸਕਰ ਕਾਬੂ
Publish Date: Mon, 27 Apr 2026 07:21 PM (IST)
Updated Date: Mon, 27 Apr 2026 07:25 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ : ਨਸ਼ਿਆਂ ਅਤੇ ਗੈਂਗਸਟਰ ਕਲਚਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ 3 ਕਿੱਲੋ 7 ਸੋ ਗ੍ਰਾਮ ਹੈਰੋਇਨ ,ਪੰਜ ਪਿਸਟਲ , ਦੋ ਦਰਜਨ ਦੇ ਕਰੀਬ ਈ ਸਿਗਰੇਟ ਅਤੇ ਹੋਰ ਸਮਾਨ ਸਮੇਤ 6 ਤਸਕਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇੰਨ੍ਹਾਂ ਫੜੇ ਗਏ ਗੈਰ ਸਮਾਜੀ ਅਨਸਰਾਂ ਵਿੱਚ ਸੁਪਾਰੀ ਲੈ ਕੇ ਗੋਲੀਬਾਰੀ ਕਰਨ ਵਾਲੇ ਬਦਮਾਸ਼ ਵੀ ਸ਼ਾਮਲ ਹਨ ,ਜਿੰਨ੍ਹਾਂ ਵੱਲੋਂ ਬੀਤੇ ਦਿਨੀਂ ਕੀਤੀ ਫਾਇਰਿੰਗ ਵਿੱਚ ਇਕ ਨਾਬਾਲਗ ਬੱਚੀ ਜਖਮੀਂ ਹੋ ਗਈ ਸੀ। ਸੋਮਵਾਰ ਦੁਪਹਿਰੇ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਚਲਾਈਆਂ ਜਾ ਰਹੀਆਂ ‘ਯੁੱਧ ਨਸ਼ਿਆਂ ਵਿਰੁੱਧ’ ਤੇ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮਾਂ ਤਹਿਤ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਭਾਰੀ ਮਾਤਰਾ ਵਿਚ ਹੈਰੋਇਨ, ਨਜਾਇਜ਼ ਹਥਿਆਰ ਅਤੇ ਵਾਹਨ ਬਰਾਮਦ ਕੀਤੇ ਹਨ। ਥਾਣਾ ਮਖੂ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਮੀਤ ਸਿੰਘ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਜਸਨੂਰ ਉਰਫ਼ ਜੱਸਾ ਅਤੇ ਵਿਸ਼ਾਲ ਉਰਫ਼ ਸ਼ਾਲੂ ਵਾਸੀ ਮਨਸੂਰ ਦੇਵਾ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਇਨ੍ਹਾਂ ਪਾਸੋਂ 3 ਕਿੱਲੋ 633 ਗ੍ਰਾਮ ਹੈਰੋਇਨ, ਇਕ ਮੋਟਰਸਾਈਕਲ ਅਤੇ ਦੋ ਮੋਬਾਈਲ ਫ਼ੋਨ ਬਰਾਮਦ ਹੋਏ। ਪੁਲਿਸ ਨੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਇਸੇ ਤਰਾਂ ਸੀਆਈਏ ਜ਼ੀਰਾ ਅਤੇ ਥਾਣਾ ਸਦਰ ਜ਼ੀਰਾ ਦੀਆਂ ਟੀਮਾਂ ਨੇ ਸਾਂਝੀ ਕਾਰਵਾਈ ਕਰਦਿਆਂ ਮਨਪ੍ਰੀਤ ਸਿੰਘ ਉਰਫ਼ ਮੰਨੂ ਲੰਗੇਆਣਾ ਅਤੇ ਲਵਪ੍ਰੀਤ ਸਿੰਘ ਉਰਫ਼ ਲਵ ਕਿਲਚੇ ਨੂੰ ਸਕਾਰਪੀਓ ਗੱਡੀ ਸਮੇਤ ਕਾਬੂ ਕੀਤਾ। ਇਨ੍ਹਾਂ ਪਾਸੋਂ 100 ਗ੍ਰਾਮ ਹੈਰੋਇਨ, 3 ਪਿਸਤੌਲ ਦੋ 30 ਬੋਰ ਅਤੇ ਇਕ 32 ਬੋਰ ਅਤੇ ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਦੱਸਣਯੋਗ ਹੈ ਕਿ ਮਨਪ੍ਰੀਤ ਮੰਨੂ ’ਤੇ ਪਹਿਲਾਂ ਹੀ ਪੁਲਿਸ ਪਾਰਟੀ ’ਤੇ ਹਮਲਾ ਕਰਨ ਅਤੇ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਵਰਗੇ ਕਈ ਗੰਭੀਰ ਮਾਮਲੇ ਦਰਜ ਹਨ। ਇਸੇ ਤਰ੍ਹਾਂ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਗੁਰਬਖਸ਼ੀਸ਼ ਸਿੰਘ ਉਰਫ਼ ਨਿੱਕਾ ਨਾਮੀ ਵਿਅਕਤੀ ਨੂੰ ਇਕ ਦੇਸੀ ਪਿਸਤੌਲ ਅਤੇ ਰੌਂਦ ਸਮੇਤ ਗ੍ਰਿਫਤਾਰ ਕੀਤਾ ਹੈ। ਐੱਸਐੱਸਪੀ ਭੂਪਿੰਦਰ ਸਿੰਘ ਨੇ ਦੱਸਿਆ ਕਿ 10 ਅਪ੍ਰੈਲ 2026 ਨੂੰ ਬਗੀਚਾ ਸਿੰਘ ਦੇ ਘਰ ਹੋਈ ਫਾਇਰਿੰਗ, ਵਿਚ ਇਕ ਨਾਬਾਲਗ ਬੱਚੀ ਜ਼ਖਮੀ ਹੋ ਗਈ ਸੀ, ਉਹ ਗੁੱਥੀ ਵੀ ਸੁਲਝਾ ਲਈ ਗਈ ਹੈ। ਪੁਲਿਸ ਨੇ ਰਾਹੁਲ , ਕਰਨ ਅਤੇ ਉਨ੍ਹਾਂ ਦੇ ਇਕ ਹੋਰ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਹ ਫਾਇਰਿੰਗ ਮੋਹਿਤ ਗਿੱਲ ਨਾਮੀ ਵਿਅਕਤੀ ਵੱਲੋਂ 25,000 ਰੁਪਏ ਦੀ ਸੁਪਾਰੀ ਦੇਣ ’ਤੇ ਕੀਤੀ ਗਈ ਸੀ, ਜੋ ਕਿ ਗੂਗਲ-ਪੇਅ ਰਾਹੀਂ ਅਦਾ ਕੀਤੇ ਗਏ ਸਨ। ਰਾਹੁਲ ਕੋਲੋਂ ਇਕ 30 ਬੋਰ ਪਿਸਤੌਲ ਵੀ ਬਰਾਮਦ ਹੋਇਆ ਹੈ। ਐੱਸਐੱਸਪੀ ਫਿਰੋਜ਼ਪੁਰ ਨੇ ਆਖਿਆ ਕਿ ਜ਼ਿਲ੍ਹੇ ਵਿਚ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।