ਸਮੁੰਦਰੀ ਰੂਟ ਜਰੀਏ ਪਾਕਿਸਤਾਨ ਵੱਲੋਂ ਵੱਡੀ ਤਾਦਾਦ ਵਿੱਚ ਭੇਜੀਆਂ ਜਾਂਦੀਆਂ ਨਸ਼ੇ ਦੀਆਂ ਖੇਪਾਂ ਦੇ ਨਾਲ ਨਾਲ ਹੁਣ ਪਾਕਿਸਤਾਨੀ ਸਮੱਗਲਰਾਂ ਨੇ ‘ਹਵਾਈ ਰੂਟ ’ ਜਰੀਏ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ। ਬੀਤੇ ਕਾਫੀ ਦਿਨਾਂ ਤੋਂ ਪੁਲਿਸ ਅਤੇ ਬੀਐਸਐਫ ਵੱਲੋਂ ਸਰਹੱਦੀ ਇਲਾਕਿਆਂ ਤੋਂ ਪਾਕਿਸਤਾਨੀ ਡਰੋਨ ਬਰਾਮਦ ਕੀਤੇ ਜਾ ਰਹੇ ਹਨ

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸਮੁੰਦਰੀ ਰੂਟ ਜਰੀਏ ਪਾਕਿਸਤਾਨ ਵੱਲੋਂ ਵੱਡੀ ਤਾਦਾਦ ਵਿੱਚ ਭੇਜੀਆਂ ਜਾਂਦੀਆਂ ਨਸ਼ੇ ਦੀਆਂ ਖੇਪਾਂ ਦੇ ਨਾਲ ਨਾਲ ਹੁਣ ਪਾਕਿਸਤਾਨੀ ਸਮੱਗਲਰਾਂ ਨੇ ‘ਹਵਾਈ ਰੂਟ ’ ਜਰੀਏ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ। ਬੀਤੇ ਕਾਫੀ ਦਿਨਾਂ ਤੋਂ ਪੁਲਿਸ ਅਤੇ ਬੀਐਸਐਫ ਵੱਲੋਂ ਸਰਹੱਦੀ ਇਲਾਕਿਆਂ ਤੋਂ ਪਾਕਿਸਤਾਨੀ ਡਰੋਨ ਬਰਾਮਦ ਕੀਤੇ ਜਾ ਰਹੇ ਹਨ। ਇਸੇ ਸਿਲਸਿਲੇ ਵਿਚ ਬੀਤੇ ਦਿਨ ਬੀਐਸਐਫ ਅਤੇ ਫਿਰੋਜ਼ਪੁਰ ਪੁਲਿਸ ਵੱਲੋਂ ਹਿੰਦ ਪਾਕ ਕੌਮਾਂਤਰੀ ਸਰਹੱਦ ਦੇ ਵੱਖ ਵੱਖ ਇਲਾਕਿਆਂ ਤੋਂ ਪਾਕਿਸਤਾਨ ਦੇ ਚਾਰ ਡਰੋਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਇਥੇ ਸਟੋਰੀ ਵਿਚ ਵੱਡਾ ‘ਟਵਿੱਸਟ’ ਇਹ ਹੈ ਕਿ ਕਰੈਸ਼ ਲੈਂਡ ਕੀਤੇ ਇੰਨ੍ਹਾਂ ਚਾਰਾਂ ਡਰੋਨਾਂ ਵਿੱਚੋਂ ਇੱਕ ਡਰੋਨ ਦੇ ਨਾਲ 537 ਗ੍ਰਾਮ ਹੈਰੋਇਨ ਦਾ ਪੈਕੇਟ ਬਰਾਮਦ ਹੋਇਆ ਹੈ ਜਦਕਿ ਬਾਕੀ ਦੇ ਤਿੰਨ ਡਰੋਨ ਖਾਲੀ ਬਰਾਮਦ ਹੋਏ ਹਨ। ਇਸ ਦਾ ਸਾਫ ਮਤਲਬ ਹੈ ਕਿ ਇਹ ਡਰੋਨ ਭਾਰਤ ਵਿੱਚ ਆਪਣੀਆਂ ਤੈਅ ਲੋਕੇਸ਼ਨਾਂ ਵਿੱਚ ‘ਸੌਦਾ ’ ਲਾਹ ਕੇ ਵਾਪਸ ਮੁੜਦੇ ਹੋਏ ਕਿਸੇ ਕਾਰਣ ਕਰੈਸ਼ ਹੋ ਗਏ ਹੋਣਗੇ। ਇਥੇ ਹੈਰਾਨੀਜਨਕ ਪਹਿਲੂ ਇਹ ਹੈ ਕਿ ਜਦੋਂ ਇਹ ਡਰੋਨ ਭਾਰਤ ਵਿੱਚ ਦਾਖਲ ਹੋਏ ਤਾਂ ਕੀ ਬੀਐਸਐਫ ਦਾ ਐਂਟੀ ਡਰੋਨ ਸਿਸਟਮ ਐਕਟਿਵ ਨਹੀਂ ਸੀ ਜਾਂ ਉਹ ਡਰੋਨ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਐਂਟੀ ਡਰੋਨ ਸਿਸਟਮ ਨੂੰ ਚਕਮਾ ਦੇ ਕੇ ਭਾਰਤ ਅੰਦਰ ਸਮਾਨ ਡਲੀਵਰ ਕਰਕੇ ਵਾਪਸ ਜਾਂਦੇ ਕਰੈਸ਼ ਹੋ ਗਏ ।ਹੁਣ ਇਹ ਬੱਚਿਆਂ ਦੀ ਖੇਡ ਤਾਂ ਹੈ ਨਹੀਂ ਕਿ ਉਧਰੋਂ ਖਾਲੀ ਡਰੋਨ ਹੀ ਇਧਰ ਖੇਡਣ ਲਈ ਭੇਜ ਦਿੱਤੇ ਹੋਣਗੇ।
ਇਸ ਸਬੰਧੀ ਥਾਣਾ ਸਦਰ ਦੇ ਤਫਤੀਸ਼ ਅਫਸਰਾਂ ਦਾ ਕਹਿਣਾ ਹੈ ਕਿ ਹੋ ਸੱਕਦਾ ਹੈ ਕਿ ਡਰੋਨ ਦੀ ਬੈਟਰੀ ਖਤਮ ਹੋ ਗਈ ਹੋਵੇ ਜਾਂ ਕਿਸੇ ਹੋਰ ਕਾਰਣ ਉਹ ਹੇਠਾਂ ਡਿੱਗ ਪਿਆ ਹੋਵੇ। ਉਧਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਰਹਹੱਦੀ ਏਰੀਏ ਵਿਚ ਨਸ਼ਾ ਤਸਕਰੀ ਅਤੇ ਡਰੋਨ ਗਤੀਵਿਧੀਆਂ ਵਿਰੁੱਧ ਵਿੱਢੀ ਗਈ ਮੁਹਿੰਮ ਦੌਰਾਨ ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਵੱਖ-ਵੱਖ ਸਰਹੱਦੀ ਪਿੰਡਾਂ ਵਿਚ ਚਲਾਏ ਗਏ ਸਾਂਝੇ ਤਲਾਸ਼ੀ ਅਭਿਆਨ ਦੌਰਾਨ 537 ਗ੍ਰਾਮ ਹੈਰੋਇਨ ਅਤੇ ਚਾਰ ਡਰੋਨ ਬਰਾਮਦ ਕੀਤੇ ਗਏ। ਪੁਲਿਸ ਨੇ ਇਸ ਸਬੰਧੀ ਵੱਖ-ਵੱਖ ਥਾਣਿਆਂ ਵਿਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਅਤੇ ਏਅਰਕਰਾਫਟ ਐਕਟ 1934 ਤਹਿਤ ਮਾਮਲੇ ਦਰਜ ਕੀਤੇ ਹਨ।ਪੁਲਿਸ ਅਨੁਸਾਰ ਇਹ ਬਰਾਮਦਗੀ ਫਿਰੋਜ਼ਪੁਰ ਦੇ ਮਮਦੋਟ ਅਤੇ ਸਦਰ ਖੇਤਰਾਂ ਨਾਲ ਲੱਗਦੀਆਂ ਸਰਹੱਦੀ ਚੌਕੀਆਂ ਤੋਂ ਕੀਤੀ ਗਈ ਹੈ । ਥਾਣਾ ਮਮਦੋਟ ਦੇ ਸਹਾਇਕ ਥਾਣੇਦਾਰ ਗਹਿਣਾ ਰਾਮ ਨੇ ਦੱਸਿਆ ਕਿ 16 ਅਪ੍ਰੈਲ 2026 ਨੂੰ 158 ਬਟਾਲੀਅਨ ਬੀਐੱਸਐੱਫ ਦੇ ਬੀਓਪੀ ਰਾਜਾ ਮੋਹਤਮ ਦੇ ਕਮਾਂਡਰ ਵੱਲੋਂ ਡਰੋਨ ਦੀ ਹਰਕਤ ਬਾਰੇ ਸੂਚਨਾ ਮਿਲੀ ਸੀ। ਪੁਲਿਸ ਅਤੇ ਬੀਐੱਸਐੱਫ ਨੇ ਸਾਂਝਾ ਸਰਚ ਅਪ੍ਰੇਸ਼ਨ ਚਲਾਇਆ, ਜਿਸ ਦੌਰਾਨ ਖੇਤਾਂ ਵਿੱਚੋਂ ਇਕ ਛੋਟਾ ਡਰੋਨ ਅਤੇ 537 ਗ੍ਰਾਮ ਹੈਰੋਇਨ ਦਾ ਪੈਕਟ ਬਰਾਮਦ ਹੋਇਆ। ਇਸੇ ਤਰ੍ਹਾਂ ਮਮਦੋਟ ਖੇਤਰ ਦੀ ਬੀਓਪੀ ਮਸਤਾ ਗੱਟੀ ਨੇੜੇ ਵੀ ਸਹਾਇਕ ਥਾਣੇਦਾਰ ਸੁਖਜਿੰਦਰ ਸਿੰਘ ਦੀ ਅਗਵਾਈ ’ਚ ਸਰਚ ਕੀਤੀ ਗਈ, ਜਿੱਥੇ 158 ਬਟਾਲੀਅਨ ਦੇ ਸਹਿਯੋਗ ਨਾਲ ਇਕ ਹੋਰ ਡਰੋਨ ਬਰਾਮਦ ਕੀਤਾ ਗਿਆ।ਥਾਣਾ ਸਦਰ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਬੀਓਪੀ ਬੈਰੀਅਰ ਨੇੜੇ ਜੰਗਲੀ ਇਲਾਕੇ ਵਿਚ ਸਰਚ ਦੌਰਾਨ ‘ਡੀਜੇਆਈ ਮਾਵਿਕ 4 ਪ੍ਰੋ’ ਮਾਡਲ ਦਾ ਇਕ ਆਧੁਨਿਕ ਡਰੋਨ ਮਿਲਿਆ। ਇਸ ਤੋਂ ਇਲਾਵਾ ਇਸੇ ਥਾਣੇ ਦੇ ਏਐੱਸਆਈ ਸੇਵਕ ਸਿੰਘ ਨੇ ਦੱਸਿਆ ਕਿ 99 ਬਟਾਲੀਅਨ ਬੀਐੱਸਐੱਫ ਦੇ ਸਹਿਯੋਗ ਨਾਲ ਪਿੰਡ ਕਿਲਚੇ ਦੇ ਖੇਤਾਂ ਵਿੱਚੋਂ ‘ਡੀਜੇਆਈ 3 ਕਲਾਸਿਕ’ ਡਰੋਨ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਸਾਰੇ ਡਰੋਨ ਚੀਨੀ ਨਿਰਮਿਤ ਹਨ ਜੋ ਸਰਹੱਦ ਪਾਰੋਂ ਨਸ਼ੇ ਦੀ ਖੇਪ ਸੁੱਟਣ ਲਈ ਵਰਤੇ ਜਾਂਦੇ ਹਨ। ਪੁਲਿਸ ਨੇ ਅਣਪਛਾਤੇ ਤਸਕਰਾਂ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ।
ਤੈਅ ਲੋਕੇਸ਼ਨ ’ਤੇ ਨਸ਼ਾ ਜਾਂ ਹਥਿਆਰ ਡਲੀਵਰ ਕਰ ਗਏ ਹੋਣਗੇ !
ਉਧਰ ਖੂਫੀਆ ਅਜੈਂਸੀਆਂ ਨਾਲ ਸਬੰਧਤ ਸੂਤਰਾਂ ਦਾ ਕਹਿਣਾ ਹੈ ਕਿ ਜਿਵੇਂ ਬੀਤੀ 12 ਅਪ੍ਰੈਲ ਨੂੰ ਸਰਹੱਦ ਤੋਂ 15 ਕਿਲੋਮੀਟਰ ਅੰਦਰ ਪਿੰਡ ਕੋਹਾਲਾ ਵਿਖੇ ਇਕ 6 ਪੱਖਿਆਂ ਵਾਲਾ ਡਰੋਨ ਕਰੀਬ ਸੱਤ ਕਿੱਲੋ ਹੈਰੋਇਨ ਸਮੇਤ ਬਰਾਮਦ ਹੋਇਆ ਸੀ,ਉਸੇ ਤਰਾਂ ਇਹ ਵੀ ਹੈਰੋਇਨ ਅਤੇ ਹਥਿਆਰ ਲਾਹ ਕੇ ਵਾਪਸ ਜਾਂਦੇ ਸਮੇਂ ਕਰੈਸ਼ ਹੋ ਗਏ ਹੋਣ।