ਚਾਰ ਡਰੋਨ ਤੇ 537 ਗ੍ਰਾਮ ਹੈਰੋਇਨ ਬਰਾਮਦ, ਅਣਪਛਾਤੇ ਨਾਮਜ਼ਦ
‘ਸੌਦਾ’ ਲਾਹ ਕੇ ਪਾਕਿਸਤਾਨ ਮੁੜਦੇ 3 ਡਰੋਨ ਕਰੈਸ਼ !
Publish Date: Fri, 17 Apr 2026 08:09 PM (IST)
Updated Date: Sat, 18 Apr 2026 04:13 AM (IST)

ਫੋਟੋ ਫਾਈਲ; 17ਐਫਜੈਡਆਰ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਬੀਤੇ ਦਿਨ ਬੀਐੱਸਐੱਫ ਤੇ ਫਿਰੋਜ਼ਪੁਰ ਪੁਲਿਸ ਵੱਲੋਂ ਹਿੰਦ-ਪਾਕ ਕੌਮਾਂਤਰੀ ਸਰਹੱਦ ਦੇ ਵੱਖ-ਵੱਖ ਇਲਾਕਿਆਂ ਤੋਂ ਪਾਕਿਸਤਾਨ ਦੇ ਚਾਰ ਡਰੋਨ ਬਰਾਮਦ ਕੀਤੇ ਹੈ। ਕਰੈਸ਼ ਲੈਂਡ ਕੀਤੇ ਇਨ੍ਹਾਂ ਚਾਰਾਂ ਡਰੋਨਾਂ ’ਚੋਂ ਇਕ ਡਰੋਨ ਨਾਲ 537 ਗ੍ਰਾਮ ਹੈਰੋਇਨ ਦਾ ਪੈਕੇਟ ਬਰਾਮਦ ਹੋਇਆ ਹੈ, ਜਦਕਿ ਬਾਕੀ ਦੇ ਤਿੰਨ ਡਰੋਨ ਖਾਲੀ ਬਰਾਮਦ ਹੋਏ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੀਐੱਸਐੱਫ ਤੇ ਪੰਜਾਬ ਪੁਲਿਸ ਨੇ ਵੱਖ-ਵੱਖ ਸਰਹੱਦੀ ਪਿੰਡਾਂ ’ਚ ਚਲਾਏ ਗਏ ਸਾਂਝੇ ਤਲਾਸ਼ੀ ਅਭਿਆਨ ਦੌਰਾਨ 537 ਗ੍ਰਾਮ ਹੈਰੋਇਨ ਤੇ ਚਾਰ ਡਰੋਨ ਬਰਾਮਦ ਕੀਤੇ ਗਏ। ਪੁਲਿਸ ਨੇ ਇਸ ਸਬੰਧੀ ਵੱਖ-ਵੱਖ ਥਾਣਿਆਂ ’ਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਅਤੇ ਏਅਰਕਰਾਫਟ ਐਕਟ 1934 ਤਹਿਤ ਮਾਮਲੇ ਦਰਜ ਕੀਤੇ ਹਨ। ਪੁਲਿਸ ਅਨੁਸਾਰ ਇਹ ਬਰਾਮਦਗੀ ਫਿਰੋਜ਼ਪੁਰ ਦੇ ਮਮਦੋਟ ਤੇ ਸਦਰ ਖੇਤਰਾਂ ਨਾਲ ਲੱਗਦੀਆਂ ਸਰਹੱਦੀ ਚੌਕੀਆਂ ਤੋਂ ਕੀਤੀ ਗਈ ਹੈ। ਥਾਣਾ ਮਮਦੋਟ ਦੇ ਸਹਾਇਕ ਥਾਣੇਦਾਰ ਗਹਿਣਾ ਰਾਮ ਨੇ ਦੱਸਿਆ ਕਿ 16 ਅਪ੍ਰੈਲ 2026 ਨੂੰ ਬੀਐੱਸਐੱਫ ਵੱਲੋਂ ਡਰੋਨ ਦੀ ਹਰਕਤ ਬਾਰੇ ਸੂਚਨਾ ਮਿਲੀ ਸੀ। ਪੁਲਿਸ ਤੇ ਬੀਐੱਸਐੱਫ ਨੇ ਸਾਂਝਾ ਸਰਚ ਅਪ੍ਰੇਸ਼ਨ ਚਲਾਇਆ, ਜਿਸ ਦੌਰਾਨ ਖੇਤਾਂ ’ਚੋਂ ਇਕ ਛੋਟਾ ਡਰੋਨ ਤੇ 537 ਗ੍ਰਾਮ ਹੈਰੋਇਨ ਦਾ ਪੈਕਟ ਬਰਾਮਦ ਹੋਇਆ। ਇਸੇ ਤਰ੍ਹਾਂ ਮਮਦੋਟ ਖੇਤਰ ਦੀ ਬੀਓਪੀ ਮਸਤਾ ਗੱਟੀ ਨੇੜੇ ਵੀ ਸਹਾਇਕ ਥਾਣੇਦਾਰ ਸੁਖਜਿੰਦਰ ਸਿੰਘ ਦੀ ਅਗਵਾਈ ’ਚ ਸਰਚ ਕੀਤੀ ਗਈ, ਜਿੱਥੇ 158 ਬਟਾਲੀਅਨ ਦੇ ਸਹਿਯੋਗ ਨਾਲ ਇਕ ਹੋਰ ਡਰੋਨ ਬਰਾਮਦ ਕੀਤਾ ਗਿਆ। ਥਾਣਾ ਸਦਰ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਬੀਓਪੀ ਬੈਰੀਅਰ ਨੇੜੇ ਜੰਗਲੀ ਇਲਾਕੇ ’ਚ ਸਰਚ ਦੌਰਾਨ ‘ਡੀਜੇਆਈ ਮਾਵਿਕ 4 ਪ੍ਰੋ’ ਮਾਡਲ ਦਾ ਇਕ ਆਧੁਨਿਕ ਡਰੋਨ ਮਿਲਿਆ। ਇਸ ਤੋਂ ਇਲਾਵਾ ਇਸੇ ਥਾਣੇ ਦੇ ਏਐੱਸਆਈ ਸੇਵਕ ਸਿੰਘ ਨੇ ਦੱਸਿਆ ਕਿ 99 ਬਟਾਲੀਅਨ ਬੀਐੱਸਐੱਫ ਦੇ ਸਹਿਯੋਗ ਨਾਲ ਪਿੰਡ ਕਿਲਚੇ ਦੇ ਖੇਤਾਂ ’ਚੋਂ ‘ਡੀਜੇਆਈ 3 ਕਲਾਸਿਕ’ ਡਰੋਨ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਸਾਰੇ ਡਰੋਨ ਚੀਨੀ ਨਿਰਮਿਤ ਹਨ ਜੋ ਸਰਹੱਦ ਪਾਰੋਂ ਨਸ਼ੇ ਦੀ ਖੇਪ ਸੁੱਟਣ ਲਈ ਵਰਤੇ ਜਾਂਦੇ ਹਨ। ਪੁਲਿਸ ਨੇ ਅਣਪਛਾਤੇ ਤਸਕਰਾਂ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ।