ਸਰਕਾਰੀ ਕੰਨਿਆ ਸਕੂਲ ਜੀਰਾ ਦੀਆਂ 3 ਵਿਦਿਆਰਥਣਾਂ ਮੈਰਿਟ ਸ਼ੁਮਾਰ
ਜ਼ੀਰਾ ਦੀਆਂ ਧੀਆਂ ਨੇ ਪੰਜਾਬ ਭਰ ‘ਚ ਲਹਿਰਾਇਆ ਕਾਮਯਾਬੀ ਦਾ ਪਰਚਮ
Publish Date: Mon, 11 May 2026 06:13 PM (IST)
Updated Date: Mon, 11 May 2026 06:15 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜੀਰਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਜੀਰਾ ਦੀਆਂ ਵਿਦਿਆਰਥਣਾਂ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ, ਮਾਪਿਆਂ ਅਤੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕਰ ਦਿੱਤਾ। ਸਕੂਲ ਦੀਆਂ ਤਿੰਨ ਹੋਣਹਾਰ ਵਿਦਿਆਰਥਣਾਂ ਨੇ ਪੰਜਾਬ ਮੈਰਿਟ ਵਿੱਚ ਸਥਾਨ ਹਾਸਲ ਕਰਕੇ ਲਗਾਤਾਰ ਪੰਜਵੀਂ ਵਾਰ ਸਕੂਲ ਦੀ ਕਾਮਯਾਬੀ ਦੀ ਪਰੰਪਰਾ ਨੂੰ ਬਰਕਰਾਰ ਰੱਖਿਆ ਹੈ। ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਖੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ ਵਿਦਿਆਰਥਣ ਆਸੀਸਦੀਪ ਕੌਰ ਨੇ 650 ਵਿੱਚੋਂ 634 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿੱਚੋਂ 11ਵਾਂ ਰੈਂਕ ਹਾਸਲ ਕੀਤਾ। ਇਸੇ ਤਰ੍ਹਾਂ ਸੁਖਮਨਦੀਪ ਕੌਰ ਨੇ 633 ਅੰਕਾਂ ਨਾਲ 12ਵਾਂ ਅਤੇ ਆਸ਼ਿਆਨਾ ਖਾਤੂਨ ਨੇ 627 ਅੰਕ ਪ੍ਰਾਪਤ ਕਰਕੇ 18ਵਾਂ ਰੈਂਕ ਆਪਣੇ ਨਾਮ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਸਿਰਫ਼ ਵਿਦਿਆਰਥਣਾਂ ਦੀ ਮਿਹਨਤ ਦਾ ਹੀ ਨਹੀਂ, ਸਗੋਂ ਅਧਿਆਪਕਾਂ ਦੀ ਨਿਸ਼ਠਾ ਅਤੇ ਮਾਪਿਆਂ ਦੇ ਸਹਿਯੋਗ ਦਾ ਵੀ ਨਤੀਜਾ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਠਵੀਂ ਜਮਾਤ ਵਿੱਚੋਂ ਵੀ ਵਿਦਿਆਰਥਣਾਂ ਸਿਮਰਪ੍ਰੀਤ ਅਤੇ ਜਸਮੀਤ ਕੌਰ ਪਹਿਲਾਂ ਹੀ ਮੈਰਿਟ ਵਿੱਚ ਆਪਣੀ ਥਾਂ ਬਣਾਕੇ ਸਕੂਲ ਦਾ ਮਾਣ ਵਧਾ ਚੁੱਕੀਆਂ ਹਨ। ਇਸ ਮੌਕੇ ਮੈਰਿਟ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਰਾਕੇਸ਼ ਸ਼ਰਮਾ ਅਤੇ ਸਕੂਲ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਜਮਾਤ ਇੰਚਾਰਜ ਜੋਤੀ ਢੀਂਗੜਾ, ਹਿਨਾਂ ਕੌਸ਼ਿਕ, ਵੀਰਪਾਲ ਕੌਰ, ਕਿਰਨਦੀਪ ਕੌਰ, ਗੁਰਜੀਤ ਕੌਰ, ਸ਼ਰਨਜੀਤ ਕੌਰ, ਪਰਮਜੀਤ ਸਿੰਘ, ਗਗਨਦੀਪ ਸਿੰਘ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।