ਕਾਰ, 50 ਗ੍ਰਾਮ ਅਫੀਮ ਤੇ 3 ਮੋਬਾਈਲ ਸਮੇਤ ਗ੍ਰਿਫਤਾਰ
ਜ਼ੀਰਾ ਪੁਲਿਸ ਨੇ ਔਡੀ ਕਾਰ, 50 ਗ੍ਰਾਮ ਅਫੀਮ ਅਤੇ 3 ਮੋਬਾਇਲ ਫੋਨਾਂ ਸਮੇਤ ਇਕ ਨੂੰ ਕੀਤਾ ਗ੍ਰਿਫਤਾਰ
Publish Date: Sun, 05 Apr 2026 03:23 PM (IST)
Updated Date: Sun, 05 Apr 2026 03:25 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਥਾਣਾ ਜ਼ੀਰਾ ਦੀ ਪੁਲਿਸ ਨੇ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਅਤੇ ਡੀਐੱਸਪੀ ਜ਼ੀਰਾ ਜਸਪਾਲ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਬੀਤੇ ਦਿਨ ਬੱਸ ਅੱਡਾ ਸ਼ਾਹ ਬੁੱਕਰ ਵਿਖੇ ਕੀਤੀ ਨਾਕਾਬੰਦੀ ਦੌਰਾਨ ਔਡੀ ਕਾਰ ਸਵਾਰ ਇਕ ਵਿਅਕਤੀ ਨੂੰ ਅਫੀਮ ਅਤੇ 3 ਮੋਬਾਇਲ ਫੋਨਾਂ ਸਮੇਤ ਗ੍ਰਿਫਤਾਰ ਕੀਤਾ ਹੈ। ਉਕਤ ਮਾਮਲੇ ਵਿਚ ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਜ਼ੀਰਾ ਸਦਰ ਦੇ ਇੰਚਾਰਜ਼ ਐੱਸਆਈ ਗੁਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੇ ਦਿਨ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੌਰਾਨ ਬੱਸ ਅੱਡਾ ਸ਼ਾਹ ਬੁੱਕਰ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਔਡੀ ਕਾਰ ਨੰਬਰ ਡੀਐੱਲ-7ਸੀਜੀ-4800 ’ਤੇ ਸਵਾਰ ਹਰਪ੍ਰੀਤ ਸਿੰਘ ਉਰਫ ਹਰ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਜੋਗੇ ਵਾਲਾ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਤਲਾਸ਼ੀ ਦੌਰਾਨ 50 ਗ੍ਰਾਮ ਅਫੀਮ ਅਤੇ 3 ਮੋਬਾਇਲ ਫੋਨ ਬਰਾਮਦ ਕੀਤੇ ਹਨ। ਮਾਮਲੇ ਦੀ ਜਾਂਚ ਕਰ ਰਹੇ ਗੁਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਮਾਮਲੇ ਵਿਚ ਹਰਪ੍ਰੀਤ ਸਿੰਘ ’ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।