ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਤੇ ਨਗਰ ਕੌਂਸਲ ਨੇ ਸੜਕਾਂ ਤੋਂ ਹਟਵਾਇਆ ਸਾਮਾਨ
ਤਿਉਹਾਰਾਂ ਦੇ ਮੱਦੇਨਜ਼ਰ ਜ਼ੀਰਾ ਪੁਲਿਸ ਤੇ ਨਗਰ ਕੌਂਸਲ ਨੇ ਸੜਕਾਂ ਤੋਂ ਹਟਾਇਆ ਸਮਾਨ
Publish Date: Sat, 11 Oct 2025 04:37 PM (IST)
Updated Date: Sat, 11 Oct 2025 04:37 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਆਉਣ ਵਾਲੇ ਤਿਉਹਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਨਗਰ ਕੌਂਸਲ ਜ਼ੀਰਾ ਦੇ ਕਾਰਜ ਸਾਧਕ ਅਫਸਰ ਨਰਿੰਦਰ ਕੁਮਾਰ ਦੀ ਅਗਵਾਈ ਹੇਠ ਅਤੇ ਪੁਲਿਸ ਪ੍ਰਸ਼ਾਸਨ ਨੇ ਮਿਲ ਕੇ ਸ਼ਹਿਰ ਦੀਆਂ ਮੁੱਖ ਸੜਕਾਂ ਰੇਲਵੇ ਰੋਡ,ਬੱਸ ਸਟੈਂਡ ਨਜਦੀਕ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਅੱਗੇ ਰੱਖਿਆ ਗਿਆ ਨਜਾਇਜ਼ ਸਮਾਨ ਹਟਾ ਕੇ ਟਰਾਲੀਆਂ ਰਾਹੀਂ ਨਗਰ ਕੌਂਸਲ ਦਫ਼ਤਰ ਲਜਾਇਆ ਗਿਆ। ਨਗਰ ਕੌਂਸਲ ਜ਼ੀਰਾ ਦੇ ਕਾਰਜ ਸਾਧਕ ਅਫਸਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਤਿਉਹਾਰਾਂ ਦੇ ਦਿਨਾਂ ਵਿਚ ਬਾਜ਼ਾਰਾਂ ’ਚ ਭੀੜ ਵਧਣ ਨਾਲ ਟ੍ਰੈਫਿਕ ਜਾਮ ਅਤੇ ਹਾਦਸਿਆਂ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਨਗਰ ਕੌਂਸਲ ਨੇ ਪੁਲਿਸ ਦੇ ਸਹਿਯੋਗ ਨਾਲ ਇਹ ਵਿਸ਼ੇਸ਼ ਕਾਰਵਾਈ ਸ਼ੁਰੂ ਕੀਤੀ ਹੈ ਤਾਂ ਜੋ ਆਮ ਜਨਤਾ ਨੂੰ ਆਵਾਜਾਈ ਵਿਚ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ ਅਤੇ ਸ਼ਹਿਰ ਦੀ ਸੜਕਾਂ ਸੁਚਾਰੂ ਰਹਿਣ। ਇਸ ਮੌਕੇ ਪੁਲਿਸ ਵੱਲੋਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਦੁਕਾਨਦਾਰ ਨੇ ਦੁਕਾਨ ਦਾ ਸਮਾਨ ਸੜਕ ’ਤੇ ਰੱਖਿਆ ਜਾਂ ਕਿਸੇ ਨੇ ਆਪਣਾ ਵਾਹਨ ਸੜਕ ਉੱਤੇ ਖੜ੍ਹਾ ਕੀਤਾ ਤਾਂ ਉਸ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਕਿਹਾ ਕਿ ਕਿਸੇ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਗਰ ਕੌਂਸਲ ਅਤੇ ਪੁਲਿਸ ਪ੍ਰਸ਼ਾਸਨ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹੋਏ ਸੜਕਾਂ ਨੂੰ ਖੁੱਲ੍ਹਾ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ। ਇਸ ਕਾਰਵਾਈ ਦੌਰਾਨ ਏਐੱਸਆਈ. ਵਣ ਸਿੰਘ, ਏਐੱਸਆਈ ਸੱਤਪਾਲ ਸਿੰਘ, ਪ੍ਰਭਜੋਤ ਸਿੰਘ ਮੁਨਸ਼ੀ ਪੁਲਿਸ ਕਰਮਚਾਰੀਆਂ ਤੋਂ ਇਲਾਵਾ ਨਗਰ ਕੌਂਸਲ ਜ਼ੀਰਾ ਦੇ ਸੁਸ਼ੀਲ ਕੁਮਾਰ ਸੀਨੀਅਰ ਸੈਨਟਰੀ ਇੰਚਾਰਜ਼, ਰੋਹਿਤ ਕੁਮਾਰ ਕਲਰਕ, ਸ਼ਮਸ਼ੇਰ ਸਿੰਘ, ਦਮਨਜੀਤ ਸ਼ਰਮਾ ਇੰਚਾਰਜ਼ ਅਤੇ ਸਫ਼ਾਈ ਕਰਮੀ ਇਤਬਾਰੀ ਚੰਦ, ਧਰਮ ਚੰਦ, ਜਾਖੜ ਆਦਿ ਹਾਜ਼ਰ ਸਨ।