ਸੜਕ ਹਾਦਸੇ ’ਚ ਜ਼ਖਮੀ ਦੀ ਇਲਾਜ ਦੌਰਾਨ ਮੌਤ
ਸੜਕ ਹਾਦਸੇ ਵਿੱਚ ਜ਼ਖਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ
Publish Date: Fri, 15 May 2026 04:35 PM (IST)
Updated Date: Fri, 15 May 2026 04:36 PM (IST)
ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਅਬੋਹਰ ਦੇ ਫਾਜ਼ਿਲਕਾ ਰੋਡ ’ਤੇ ਵਾਪਰੇ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਨੌਜਵਾਨ ਅਭਿਸ਼ੇਕ (16) ਦੀ ਬਠਿੰਡਾ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਹਾਦਸਾ 11 ਮਈ ਨੂੰ ਵਾਪਰਿਆ ਸੀ, ਜਿਸ ਵਿੱਚ ਤਿੰਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ। ਧਰਮਕਾਂਤਾ ਇਲਾਕੇ ਦੇ ਰਹਿਣ ਵਾਲਾ ਅਭਿਸ਼ੇਕ, ਆਨੰਦ ਨਗਰੀ ਵਾਸੀ ਸਾਹਿਲ ਖਾਨ ਤੇ ਪ੍ਰਣਵ ਐਕਟਿਵਾ ’ਤੇ ਜਾ ਰਹੇ ਸਨ। ਫਾਜ਼ਿਲਕਾ ਰੋਡ ’ਤੇ ਅਚਾਨਕ ਇੱਕ ਬੱਸ ਆਉਣ ਕਾਰਨ ਐਕਟਿਵਾ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਸਾਹਿਲ ਤੇ ਪ੍ਰਣਵ ਨੂੰ ਈ-ਰਿਕਸ਼ਾ ਰਾਹੀਂ ਹਸਪਤਾਲ ਪਹੁੰਚਾਇਆ, ਜਦਕਿ ਅਭਿਸ਼ੇਕ ਨੂੰ ਇੱਕ ਆਈਟੀਆਈ ਵਿਦਿਆਰਥੀ ਦੀ ਕਾਰ ਰਾਹੀਂ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਤਿੰਨਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਬਠਿੰਡਾ ਰੈਫਰ ਕਰ ਦਿੱਤਾ। ਇਲਾਜ ਦੌਰਾਨ ਅਭਿਸ਼ੇਕ ਨੇ ਦਮ ਤੋੜ ਦਿੱਤਾ, ਜਦਕਿ ਸਾਹਿਲ ਖਾਨ ਅਤੇ ਪ੍ਰਣਵ ਦੀ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅਭਿਸ਼ੇਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਐੱਸਐੱਚਓ ਮਨਜਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਬੇਨਤੀ ’ਤੇ ਡਾਕਟਰਾਂ ਅਤੇ ਪ੍ਰਸ਼ਾਸਨ ਦੀ ਮਨਜ਼ੂਰੀ ਨਾਲ ਬਿਨਾਂ ਪੋਸਟਮਾਰਟਮ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ।